ਕਪੂਰਥਲਾ: ਸੁਧਾਰ ਘਰ ਵਿੱਚ ਬੰਦ 40 ਵਰ੍ਹਿਆਂ ਦੇ ਹਵਾਲਾਤੀ ਚਰਨਜੀਤ ਸਿੰਘ ਦੀ ਭੇਦਭਰੇ ਹਲਾਤ ਵਿੱਚ ਪਿਛਲੇ ਦਿਨੀਂ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਹਵਾਲਾਤੀ ਦੇ ਪਰਿਵਾਕਰ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਅਣਗਿਹਲੀ ਵਰਤਣ ਦੇ ਇਲਜ਼ਾਮ ਲਗਾਏ ਹਨ। ਇਸ ਸਾਰੇ ਮਾਮਲੇ ਨੂੰ ਲੈ ਪਰਿਵਾਰਕ ਮੈਂਬਰਾਂ ਨੇ ਬਸਪਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ। ਦਰਅਸਲ ਕਪੂਰਥਲਾ ਦੀ ਜੇਲ੍ਹ ਵਿੱਚ ਚਰਨਜੀਤ ਨਾਮ ਦੇ ਹਵਾਲਤੀ ਜੋ ਐਨਡੀਪੀਐਸ ਐਕਟ ਅਧੀਨ ਬੰਦ ਸੀ ਦੀ 10 ਸਤੰਬਰ ਨੂੰ ਮੌਤ ਹੋ ਗਈ ਸੀ।
ਇਸ ਪ੍ਰਦਰਸ਼ਨ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦੱਸਿਆ ਕਿ ਚਰਨਜੀਤ ਦੀ ਸਿਹਤ ਪਿਛਲੇ ਕਈ ਦਿਨ ਤੋਂ ਖ਼ਰਾਬ ਚੱਲ ਰਹੀ ਸੀ ਅਤੇ ਉਸ ਦੇ ਇਲਾਜ ਵਿੱਚ ਲਾਪਰਵਾਹੀ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਉਸ ਦੀ ਬੈਰਕ ਦੇ ਦੂਸਰੇ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਜਾਣਕਾਰੀ ਵੀ ਦਿੱਤੀ ਸੀ ਪਰ ਜੇਲ੍ਹ ਪ੍ਰਸ਼ਾਸਨ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਜੇਲ੍ਹ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਚਰਨਜੀਤ ਦਾ ਇਲਾਜ ਨਾ ਕਰਵਾਉਣ ਕਾਰਨ ਉਸ ਦੀ ਮੌਤ ਹੋ ਗਈ।
ਇਸੇ ਨਾਲ ਹੀ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਚਰਨਜੀਤ ਦੀ ਮੌਤ ਦੀ ਖ਼ਬਰ ਨੂੰ ਵੀ ਪਰਿਵਾਰ ਤੋਂ ਲੁਕਾਇਆ ਗਿਆ। ਪਰਿਵਾਰ ਨੇ ਕਿਹਾ ਕਿ 11 ਸਤੰਬਰ ਨੂੰ ਮੁਲਾਕਾਤ ਲਈ ਆਈ ਚਰਨਜੀਤ ਦੀ ਪਤਨੀ ਨੂੰ ਮੌਤ ਦੀ ਜਾਣਕਾਰੀ ਨਹੀਂ ਦਿੱਤੀ ਗਈ। ਜੋ ਜੇਲ੍ਹ ਪ੍ਰਸ਼ਾਸਨ ਦੀ ਕਿਸੇ ਗਲਤ ਕਾਰਵਾਈ ਵੱਲ ਇਸ਼ਾਰਾ ਕਰਦਾ ਹੈ। ਪੀੜਤ ਪਰਿਵਾਰ ਨੇ ਇਸ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ ਅਤੇ ਜੇਕਰ ਪਰਿਵਾਰ ਨੂੰ ਕੋਈ ਸ਼ੱਕ ਹੈ ਤਾਂ ਉਹ ਇਸ ਮਾਮਲੇ ਵਿੱਚ ਵੱਖਰੀ ਦਰਖਾਸਤ ਦੇ ਕੇ ਆਪਣੀ ਗੱਲ ਜਾਂਚ ਵਿੱਚ ਸ਼ਾਮਲ ਕਰਵਾ ਸਕਦਾ ਹੈ।