ਸੁਲਤਾਨਪੁਰ ਲੋਧੀ: ਪੰਜਾਬ ਪੁਲਿਸ ਅਤੇ ਹੋਰ ਏਜੰਸੀਆਂ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਫੜ੍ਹੇ ਗਏ ਗੈਂਗਸਟਰਾਂ, ਅੱਤਵਾਦੀਆਂ ਅਤੇ ਨਸ਼ਾ ਤਸਕਰਾਂ ਦਾ ਮੁੱਦਾ ਹੁਣ ਸਿਆਸੀ ਰੰਗ ਲੈਂਦਾ ਜਾ ਰਿਹਾ ਹੈ। ਸਿਆਸੀ ਆਗੂ ਇੱਕ ਦੂਜੇ ਨਾਲ ਇਨ੍ਹਾਂ ਦੇ ਸਬੰਧ ਸਥਾਪਤ ਕਰਨ ਵਿੱਚ ਲੱਗੇ ਹੋਏ ਹਨ। ਸੁਲਤਾਨਪੁਰ ਲੋਧੀ ਤੋਂ ਫੜ੍ਹੇ ਗਏ 6 ਗੈਂਗਸਟਰਾਂ ਵਿੱਚ 4 ਦੇ ਸਬੰਧ ਅਕਾਲੀ ਦਲ ਦੇ ਸੱਜਣ ਸਿੰਘ ਅਤੇ ਹੋਰ ਆਗੂਆਂ ਵੱਲੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾਂ ਨਾਲ ਜੋੜੇ ਜਾ ਰਹੇ ਹਨ।
ਇਸ ਮਗਰੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪਣਾ ਪੱਖ ਮੀਡੀਆ ਅੱਗੇ ਰੱਖਿਆ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ 'ਤੇ ਲਗਾਏ ਜਾ ਰਹੇ ਇਲਜ਼ਾਮ ਤੱਥ ਹੀਣ ਹਨ। ਉਨ੍ਹਾਂ ਕਿਹਾ ਕਿ ਜਨਤਕ ਜ਼ਿੰਦਗੀ ਜਿਉਂਦੇ ਹੋਏ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਮਿਲਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਹ ਇਨ੍ਹਾਂ ਲੋਕਾਂ ਨੂੰ ਜਾਨਣ ਦੇ ਹੋਣ।
ਅਕਾਲੀ ਆਗੂਆਂ ਵੱਲੋਂ ਫੋਟੋਆਂ ਦੇ ਰਾਹੀਂ ਚੀਮਾਂ ਦੇ ਫੜ੍ਹੇ ਗਏ ਗੈਂਗਸਟਰਾਂ ਨਾਲ ਸਬੰਧ ਸਥਾਪਤ ਕੀਤੇ ਜਾਣ ਦੇ ਜਵਾਬ ਵਿੱਚ ਚੀਮਾ ਨੇ ਅਕਾਲੀ ਆਗੂਆਂ ਦੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਫੋਟੋਆਂ ਸਾਂਝੀਆਂ ਕੀਤੀਆਂ। ਉਨ੍ਹਾ ਕਿਹਾ ਕਿ ਜੇਕਰ ਫੋਟੋਆਂ ਰਾਹੀਂ ਕੋਈ ਸਬੰਧ ਸਥਾਪਤ ਹੁੰਦਾ ਹੈ ਤਾਂ ਅਕਾਲੀ ਦਲ ਨੂੰ ਇਨ੍ਹਾਂ ਫੋਟੋਆਂ ਬਾਰੇ ਵੀ ਸਪਸ਼ਟ ਕਰਨਾ ਚਾਹੀਦਾ ਹੈ।
ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁੱਦਿਆਂ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਪੁਲਿਸ ਦੀ ਕਾਰਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਜੋ ਕੀਤਾ ਬਹੁਤ ਵਧੀਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਪੁਸ਼ਤਪਨਾਹੀ ਇਨ੍ਹਾਂ ਗੈਂਗਸਟਰਾਂ ਨੂੰ ਹੁੰਦੀ ਤਾਂ ਇਨ੍ਹਾਂ ਖ਼ਿਲਾਫ਼ ਕਾਰਵਾਈ ਵੀ ਨਾ ਹੁੰਦੀ।