ਸੁਲਤਾਨਪੁਰ ਲੋਧੀ: ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਤੋਹਫ਼ਾ ਦਿੰਦਿਆਂ ਹਰੇਕ ਘਰ ਅਤੇ ਜਾਇਦਾਦ ਨੂੰ ਵਿਲੱਖਣ ਪਹਿਚਾਣ ਨੰਬਰ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਵੱਲ ਇਹ ਪਹਿਲਾ ਕਦਮ ਪੁੱਟਿਆ ਗਿਆ ਹੈ। ਇਸ ਕੰਮ ਦੀ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਸ਼ੁਰੂਆਤ ਕਾਰਵਾਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ। ਹੁਣ ਇਸ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਰੇਕ ਘਰ ਅਤੇ ਜਾਇਦਾਦ ਨੂੰ ਇਹ ਨੰਬਰ ਜਾਰੀ ਹੋਣ ਨਾਲ ਜਿੱਥੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਠੱਲ੍ਹ ਪਾਵੇਗੀ ਉਥੇ ਹੀ ਹਰੇਕ ਘਰ ਅਤੇ ਜਾਇਦਾਦ ਦੀ ਅਸਲ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਸ਼ਾਸਨ ਕੋਲ ਰਹੇਗੀ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਹੁਣ ਹਰ ਘਰ ਅਤੇ ਜਾਇਦਾਦ ਨੂੰ ਵਿਲੱਖਣ ਨੰਬਰ ਲਗਾਏ ਜਾ ਰਹੇ ਹਨ। ਸ਼ਹਿਰ ਵਿੱਚ 6500 ਦੇ ਕਰੀਬ ਵਿਲੱਖਣ ਨੰਬਰ ਜਾਰੀ ਕੀਤੇ ਜਾਣਗੇ। ਨੰਬਰ ਲਗਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਕ ਜਾਇਦਾਦ ਨੂੰ ਇੱਕ ਕਾਰਡ ਅਤੇ ਇਕ ਸਟਿੱਕਰ ਜਾਰੀ ਕੀਤਾ ਜਾ ਰਿਹਾ ਹੈ। ਕਾਰਡ ਪਰਿਵਾਰ ਦੇ ਮੁਖੀ ਕੋਲ ਰਹੇਗਾ ਜਦਕਿ ਸਟਿੱਕਰ ਉਸ ਦੇ ਘਰ ਦੇ ਬਾਹਰ ਲਗਾਇਆ ਜਾਵੇਗਾ। ਇਸ ਕਾਰਡ/ਨੰਬਰ ਨੂੰ ਕਿਤੋਂ ਵੀ ਗੂਗਲ ਰਾਹੀਂ ਸਰਚ ਕੀਤਾ ਜਾ ਸਕੇਗਾ। ਇਸ ਕਾਰਡ/ਨੰਬਰ ਦੇ ਨਾਲ ਮਾਲਕ ਦਾ ਨਾਮ, ਐਡਰੈੱਸ, ਜਾਇਦਾਦ ਦਾ ਵੇਰਵਾ ਤੇ ਕਿਸਮ, ਸੰਪਰਕ ਨੰਬਰ, ਕੁੱਲ ਮੰਜਿਲਾਂ ਦੀ ਗਿਣਤੀ, ਘਰ ਦੇ ਮੈਂਬਰ, ਉਸਾਰੀ ਦੀ ਸਥਿਤੀ, ਘਰ ਵਿੱਚ ਕੋਈ ਰਹਿੰਦਾ ਹੈ ਜਾਂ ਨਹੀਂ ਆਦਿ ਜਾਣਕਾਰੀ ਦਰਜ ਕੀਤੀ ਗਈ ਹੈ।