ਕਪੂਰਥਲਾ:ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਇੱਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ (Farmers movement) ਹੁਣ ਖ਼ਤਮ ਹੋ ਗਿਆ ਹੈ। ਕਿਸਾਨ ਇੱਕ ਸਾਲ ਦੇ ਲੰਬੇ ਅੰਦੋਲਨ ਤੋਂ ਬਾਅਦ ਸੁਲਤਾਨਪੁਰ ਲੋਧੀ ਪਹੁੰਚੇ, ਕਿਸਾਨਾਂ ਦੇ ਸੁਲਤਾਨਪੁਰ ਲੋਧੀ (Sultanpur Lodhi) ਪਹੁੰਚਣ ਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਦਿੱਲੀ ਮੋਰਚੇ ਤੋਂ ਘਰ ਪਰਤਣ ਵਾਲੇ ਕਿਸਾਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸ਼ਹੀਦ ਊਧਮ ਸਿੰਘ ਚੌਂਕ ਤੋਂ ਲੈ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਲੰਬਾਂ ਰੋਡ ਸ਼ੋਅ ਕੱਢਿਆ ਗਿਆ। ਜਿਸ ਵਿਚ ਗੱਤਕੇ ਦੇ ਜੌਹਰ ਦਿਖਾਏ ਗਏ ਲੱਡੂ ਵੰਡੇ ਗਏ, ਢੋਲ ਦੇ ਡੱਗੇ 'ਤੇ ਭੰਗੜੇ ਪਾਏ ਗਏ। ਇਸ ਜੋਸ਼ੋ-ਖ਼ਰੋਸ਼ ਭਰੇ ਰੋਡ ਸ਼ੋਅ, ਲਹਿਰਾਉਂਦੇ ਕੇਸਰੀ ਅਤੇ ਕਿਸਾਨੀ ਝੰਡੇ ਤੇ ਸੰਗਤ ਦੇ ਜੈਕਾਰਿਆਂ ਨਾਲ ਗੂੰਜਿਆ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਸ਼ਹਿਰ ਦਾ ਨਜ਼ਾਰਾ ਦੇਖਣ ਵਾਲਾ ਸੀ।
ਸਥਾਨਕ ਨਿਵਾਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਕਿਸਾਨਾਂ ਦਾ ਪਿੰਡਾਂ ਵਿਚ ਵਾਪਸ ਆਉਣ 'ਤੇ ਸਨਮਾਨ ਕਰ ਰਹੇ ਹਾਂ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬੀ ਭਾਈਚਾਰਾ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਹੈ। ਜਿਹਨਾਂ ਕਿਸਾਨੀ ਸੰਘਰਸ਼ ਵਿੱਚ ਆਪਣਾ ਡੱਟ ਕੇ ਸਮਰਥਨ ਦਿੱਤਾ ਹੈ। ਹੋਟਲਾਂ ਵਿੱਚ ਮੁਫ਼ਤ ਖਾਣਾ ਦੇਣ ਦੀ ਗੱਲ ਹੋਵੇ, ਭਾਵੇਂ ਪੈਟਰੋਲ ਪੰਪਾਂ ਤੋਂ ਮੁਫ਼ਤ ਤੇਲ ਦੇਣ ਦੀ ਗੱਲ ਹੋਵੇ ਹਰ ਇੱਕ ਉਸ ਇਨਸਾਨ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਇਸ ਮੋਰਚੇ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਅਤੇ ਆਪਣਾ ਯੋਗਦਾਨ ਪਾਇਆ।