ਕਪੂਰਥਲਾ: ਆਬਕਾਰੀ ਵਿਭਾਗ ਨੂੰ ਸ਼ਰਾਬ ਦੀ ਤਸਕਰੀ ਰੋਕਣ ਲਈ ਵਿੱਢੀ ਗਈ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ। ਪੁਲਿਸ ਨੇ ਸੁਲਤਾਨਪੁਰ ਲੋਧੀ ਰੋਡ 'ਤੇ ਪਿੰਡ ਡਡਵਿੰਡੀ ਨੇੜੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਲੈਕੇ ਜਾ ਰਿਹਾ ਟਰੱਕ ਫੜਿਆ। ਇਹ ਸ਼ਰਾਬ ਅੰਮ੍ਰਿਤਸਰ ਤੋਂ ਬਗੈਰ ਕਿਸੇ ਪਰਮਿਟ ਦੇ ਲਿਆਂਦੀ ਜਾ ਰਹੀ ਸੀ।
ਸਹਾਇਕ ਆਬਕਾਰੀ ਕਮਿਸ਼ਨਰ ਹਰਦੀਪ ਭੰਵਰਾਂ ਨੇ ਦੱਸਿਆ ਕਿ ਉਨਾਂ ਨੂੰ ਟਾਟਾ-407 ਰਾਹੀਂ ਸ਼ਰਾਬ ਤਸਕਰੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਨੇ ਵਿਸ਼ੇਸ਼ ਨਾਕਾ ਬੰਦੀ ਕੀਤੀ। ਉਨਾਂ ਦੱਸਿਆ ਕਿ ਟਰੱਕ ਚਾਲਕ ਨੇ ਨਾਕੇ 'ਤੇ ਵਿਭਾਗ ਦੀ ਟੀਮ ਨੂੰ ਦੇਖਕੇ ਟਰੱਕ ਭਜਾ ਲਿਆ ਜਿਸ ਦਾ ਪਿੱਛਾ ਕਰਕੇ ਡਡਵਿੰਡੀ ਨੇੜਿਓ ਕਾਬੂ ਕਰ ਲਿਆ ਗਿਆ।
ਉਨਾਂ ਦੱਸਿਆਂ ਕਿ ਟਰੱਕ ਚਾਲਕ ਟਰੱਕ ਛੱਡ ਕੇ ਖੇਤਾਂ ਵੱਲ ਭੱਜ ਗਿਆ ਜਿਸ ਨੂੰ ਪਿੱਛੇ ਭੱਜ ਕੇ ਕਾਬੂ ਕੀਤਾ ਗਿਆ। ਉਨਾਂ ਦੱਸਿਆ ਕਿ ਟਰੱਕ ਵਿਚੋਂ ਬਲੈੱਕ ਹਾਰਸ ਦੀਆਂ 285, ਥੰਡਰ ਬੋਲਟ ਦੀਆਂ 240 ਅਤੇ ਕਿੰਗਫਿਸ਼ਰ ਦੀਆਂ 60 ਪੇਟੀਆਂ ਬਰਾਮਦ ਹੋਈਆਂ। ਉਨਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਵਿਅਕਤੀ ਨੂੰ ਸਿਟੀ ਥਾਣੇ ਕਪੂਰਥਲੇ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।