ਕਪੂਰਥਲਾ: ਜ਼ਿਲ੍ਹੇ ਦੇ ਪਿੰਡ ਸ਼ਿਕਾਰਪੁਰ 'ਚ ਬੁੱਧਵਾਰ ਦੀ ਅੱਧੀ ਰਾਤ ਲੁਟੇਰੇ ਇੱਕ ਘਰ 'ਚ ਵੜ ਗਏ ਅਤੇ ਘਰ 'ਚ ਸੌਂ ਰਹੇ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸਵੇਰੇ ਜਦੋਂ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਘਰ 'ਚ ਸਾਮਾਨ ਪੂਰੀ ਤਰ੍ਹਾਂ ਖਿਲਰਿਆ ਪਿਆ ਸੀ। ਬਜ਼ੁਰਗ ਜੋੜੇ ਦੀ ਲਾਸ਼ ਲਹੂਲੁਹਾਨ ਹਾਲਾਤ 'ਚ ਵਿਹੜੇ 'ਚ ਪਈ ਸੀ।
ਲੋਕਾਂ ਵੱਲੋਂ ਘਟਨਾ ਦੀ ਜਣਕਾਰੀ ਪੁਲਿਸ ਨੂੰ ਦੇਣ 'ਤੇ ਮੌਕੇ ਪੁਲਿਸ ਪਹੁੰਚ ਗਈ। ਸੀ.ਸੀ.ਟੀ.ਵੀ. ਫੁਟੇਜ ਰਾਹੀਂ ਲੁਟੇਰਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਪੁਲਿਸ ਲਾਗੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਜਾਰੀ ਹੈ। ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਫਿਲਹਾਲ ਇਸ ਲੁੱਟ ਨੂੰ ਘਟਨਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਪਰ ਇਹ ਵੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨ੍ਹਾਂ ਕਤਲਾਂ ਦੇ ਪਿੱਛੇ ਕੋਈ ਰੰਜ਼ਿਸ਼ ਜਾ ਪੁਰਾਣੀ ਦੁਸ਼ਮਣੀ ਵੀ ਹੋ ਸਕਦੀ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ 60-62 ਸਾਲ ਜਰਨੈਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਜੋਗਿੰਦਰ ਕੌਰ ਰਾਤ ਨੂੰ ਘਰ 'ਚ ਸੌਂ ਰਹੇ ਸਨ ਕਿ ਇਸ ਦੌਰਾਨ ਕੰਧ ਟੱਪ ਕੇ ਕੁੱਝ ਲੋਕ ਘਰ 'ਚ ਦਾਖਲ ਹੋ ਗਏ। ਉਨ੍ਹਾਂ ਨੇ ਜਰਨੈਲ ਸਿੰਘ ਅਤੇ ਉਸ ਦੀ ਪਤਨੀ ਦੇ ਸਿਰ 'ਤੇ ਕਈ ਵਾਰ ਕੀਤੇ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਤੋਂ ਬਾਅਦ ਘਰ ਦੀ ਤਲਾਸ਼ੀ ਲਈ ਗਈ ਹੈ।
ਮ੍ਰਿਤਕ ਜੋੜੇ ਦਾ ਇਕ ਬੇਟਾ ਪਰਿਵਾਰ ਸਮੇਤ ਯੂਰਪ ਵਿੱਚ ਰਹਿੰਦਾ ਹੈ ਅਤੇ ਦੂਜਾ ਬੇਟਾ ਬਲਵਿੰਦਰ ਸਿੰਘ ਸੁਲਤਾਨਪੁਰ ਲੋਧੀ 'ਚ ਮੈਡੀਕਲ ਸਟੋਰ ਚਲਾਉਂਦਾ ਹੈ। ਪਿੰਡ ਵਾਲਿਆਂ ਨੂੰ ਇਸ ਘਟਨਾ ਦਾ ਵੀਰਵਾਰ ਸਵੇਰੇ ਪਤਾ ਲੱਗਾ। ਪਰਿਵਾਰ ਅਤੇ ਗੁਆਂਢੀਆ ਮੁਤਾਬਕ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਉਨ੍ਹਾਂ ਦੀ ਹੱਤਿਆ ਦਾ ਕਾਰਨ ਲੁੱਟ ਦੱਸਿਆ ਜਾਂਦਾ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।