ਕਪੂਰਥਲਾ: ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਰਕਬਾ ਬਹੱਦ ਪਿੰਡ ਭੋਰ ਵਿੱਚ ਨਾਕਾਬੰਦੀ ਕਰ ਕੇ ਇੱਕ ਭਗੌੜਾ ਨਸ਼ਾ ਤਸਕਰ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੂੰ ਇਸ ਨਸ਼ਾ ਤਸਕਰ ਤੋਂ 1 ਕਿਲੋ ਹੈਰੋਇਨ ਤੇ 46 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ ਹੈ। ਪੁਲਿਸ ਨੇ ਇਹ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ।
ਐਸ.ਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਦੋ ਇੰਸਪੈਕਟਰ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਡਿਊਟੀ ਦੇ ਸਬੰਧ ਵਿੱਚ ਰਕਬਾ ਬਹੱਦ ਪਿੰਡ ਭੋਰ ਮੌਜੂਦ ਸੀ। ਉਸ ਸਮੇਂ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਤੇਜ਼ ਰਫ਼ਤਾਰ ਸਫੇਦ ਰੰਗ ਦੀ ਵਰਨਾ ਕਾਰ ਪੀਬੀ-38-3786 ਪਿੰਡ ਭੋਰ ਵੱਲੋਂ ਆਈ। ਜਦੋਂ ਇੰਸਪੈਕਟਰ ਸਰਬਜੀਤ ਸਿੰਘ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੱਡੀ ਨੂੰ ਤੇਜ਼ੀ ਨਾਲ ਪਿੱਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਲਿੰਕ ਸੜਕ ਹੋਣ ਕਰਕੇ ਗੱਡੀ ਦਾ ਪਿਛਲਾ ਸੱਜਾ ਟਾਈਰ ਖੇਤ ਝੋਨੇ ਵਿੱਚ ਉੱਤਰ ਗਿਆ ਜਿਸ ਤੋਂ ਬਾਅਦ ਇੰਸਪੈਕਟਰ ਸਰਬਜੀਤ ਸਿੰਘ ਨੇ ਗੱਡੀ ਚਾਲਕ ਨੂੰ ਸ਼ੱਕ ਦੇ ਆਧਾਰ ਉੱਤੇ ਕਾਬੂ ਕਰ ਲਿਆ।
ਉਨ੍ਹਾਂ ਕਿਹਾ ਕਿ ਜਦ ਉਸ ਦੀ ਤਲਾਸ਼ੀ ਕੀਤੀ ਤਾਂ ਉਸ ਕੋਲੋਂ 1 ਕਿਲੋ ਹੈਰੋਇਨ ਜਿਸ ਦੀ ਇੰਨਟਰਨੈਸ਼ਨਲ ਮਾਰਕਿਟ ਵਿੱਚ ਕੀਮਤ ਲੱਗਭਗ 5 ਕਰੋੜ ਹੈ। ਇਸ ਤੋਂ ਇਲਾਵਾ ਮੁਲਜ਼ਮ ਪਾਸੋਂ ਡਰੱਗ ਮਨੀ ਦੇ 46 ਹਜ਼ਾਰ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ।
ਐਸ.ਪੀ. ਮਨਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਥਾਣਾ ਸੁਲਤਾਨਪੁਰ ਲੋਧੀ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਆਰੋਪੀ ਦਾ ਅਪਰਾਧਕ ਪਿੱਛੋਕੜ ਚੈੱਕ ਕੀਤਾ ਤਾਂ ਉਸ ਉੱਤੇ ਨਸ਼ੇ ਦੇ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਕੁੱਲ 5 ਮੁਕੱਦਮੇ ਦਰਜ ਹਨ। ਜਿਨ੍ਹਾਂ ਵਿੱਚੋਂ 3 ਮੁਕੱਦਮਿਆਂ ਵਿੱਚ ਭਗੌੜਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਸ ਦੇ ਪਰਿਵਾਰ ਦਾ ਪਿਛੋਕੜ ਜਾਂਚ ਕੀਤੀ ਤਾਂ ਉਸ ਦੇ ਪਿਤਾ ਜਰਨੈਲ ਸਿੰਘ ਪੁੱਤਰ ਗੋਪਾਲ ਸਿੰਘ ਉੱਤੇ 1 ਮੁਕਦਮਾ ਦਰਜ ਹੈ। ਉਸਦੀ ਮਾਂ ਮਨਜੀਤ ਕੌਰ ਉੱਤੇ 3 ਨਸ਼ੇ ਦੇ ਮੁਕੱਦਮੇ ਦਰਜ ਹਨ, ਇਸਦੇ ਭਰਾ ਤਰਲੋਚਨ ਸਿੰਘ, ਲਖਬੀਰ ਸਿੰਘ ਅਤੇ ਜੁਗਰਾਜ ਸਿੰਘ ਉੱਤੇ ਵੀ ਇੱਕ-ਇੱਕ ਮੁਕੱਦਮਾ ਦਰਜ ਹੈ। ਇਸਦਾ ਸਾਰਾ ਪਰਿਵਾਰ ਹੀ ਪੀੜੀ ਦਰ ਪੀੜੀ ਨਸ਼ੇ ਦਾ ਵਪਾਰ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਦਿੱਲੀ ਦੇ ਨਸ਼ਾ ਸਮੱਗਲਰਾਂ ਨਾਲ ਸਪੰਰਕ ਹਨ। ਉਨ੍ਹਾਂ ਨੇ ਕਿਹਾ ਕਿ ਗੁਰਭੇਜ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਵਿੱਚ ਪੁੱਛਗਿੱਛ ਦੌਰਾਨ, ਮੁਲਜ਼ਮ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।