ਕਪੂਰਥਲਾ: ਲੋਕ ਡਾਕਟਰ ਨੂੰ ਰੱਬ ਦਾ ਦਰਜਾ ਦਿੰਦੇ ਹਨ। ਪਰੰਤੂ ਕੁੱਝ ਘਟੀਆ ਜ਼ਹਿਨੀਅਤ ਵਾਲੇ ਵਿਅਕਤੀ ਇਸ ਪਵਿੱਤਰ ਕਿੱਤੇ ਨੂੰ ਬਦਨਾਮ ਕਰਦੇ ਰਹਿੰਦੇ ਹਨ। ਅਜਿਹੇ ਹੀ ਇੱਕ ਅਖੌਤੀ ਡਾਕਟਰ ਵਿਰੁੱਧ ਨਡਾਲਾ ਪੁਲਿਸ ਨੇ ਇੱਕ 10 ਸਾਲਾ ਬੱਚੀ ਨਾਲ ਜਿਸਮਾਨੀ ਛੇੜਛਾੜ ਕਰਨ 'ਤੇ ਪਰਚਾ ਦਰਜ ਕੀਤਾ ਹੈ। ਉਕਤ ਬੱਚੀ ਚੌਥੀ ਕਲਾਸ ਦੀ ਵਿਦਿਆਰਥਣ ਹੈ।
ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਅਨੁਸਾਰ ਬੀਤੇ ਦਿਨ ਦੁਪਹਿਰ ਬਾਅਦ ਕਰੀਬ 3.20 ਵਜੇ ਇੱਕ ਵਿਅਕਤੀ ਆਪਣੀ ਬੇਟੀ ਦੀ ਬਾਂਹ 'ਤੇ ਲੱਗੀ ਸੱਟ ਦੇ ਇਲਾਜ ਲਈ ਨਡਾਲਾ ਵਿਖੇ ਆਇਆ ਸੀ।
ਨਡਾਲਾ ਵਿਖੇ ਉਹ ਆਪਣੀ ਧੀ ਨੂੰ ਢਿੱਲਵਾਂ ਰੋਡ 'ਤੇ ਸਥਿਤ ਇੱਕ ਪਟਵਾਲੀਆ ਹਸਪਤਾਲ ਵਿੱਚ ਇਲਾਜ ਲਈ ਲੈ ਆਇਆ। ਉਸਨੇ ਬੱਚੀ ਦੀ ਬਾਂਹ 'ਤੇ ਸੱਟ ਬਾਰੇ ਹਸਪਤਾਲ ਦੇ ਡਾ. ਰਮਨਜੀਤ ਸਿੰਘ ਨੂੰ ਸਾਰੀ ਗੱਲ ਦੱਸੀ। ਡਾ. ਨੇ ਲੜਕੀ ਦੇ ਪਿਤਾ ਨੂੰ ਬਾਹਰ ਬੈਠ ਜਾਣ ਲਈ ਕਿਹਾ ਅਤੇ ਆਪਣੇ ਕੈਬਿਨ ਦੀ ਕੁੰਡੀ ਲਗਾ ਲਈ। ਲਗਭਗ 15-20 ਮਿਨਟ ਬਾਅਦ ਉਸ ਨੂੰ ਡਾਕਟਰ ਨੇ ਬੁਲਾਇਆ ਅਤੇ ਕਿਹਾ ਕਿ ਮੈਂ ਤੁਹਾਡੀ ਲੜਕੀ ਦੀ ਬਾਂਹ ਦੇਖ ਲਈ ਹੈ। ਤੁਹਾਨੂੰ ਇਸ ਦੇ ਇਲਾਜ ਲਈ 2-3 ਵਾਰ ਹਸਪਤਾਲ ਆਉਣਾ ਪਵੇਗਾ।
ਬੱਚੀ ਦੇ ਪਿਤਾ ਨੇ ਦੱਸਿਆ ਕਿ ਅਜੇ ਉਹ ਆਪਣੀ ਧੀ ਨਾਲ ਘਰ ਆਇਆ ਸੀ ਕਿ ਘਰ ਆ ਕੇ ਬੱਚੀ ਰੋ ਪਈ ਅਤੇ ਦੁਬਾਰਾ ਉਸ ਡਾਕਟਰ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਮਾਤਾ-ਪਿਤਾ ਵੱਲੋਂ ਪੁੱਛਣ 'ਤੇ ਸਹਿਮੀ ਹੋਈ ਲੜਕੀ ਨੇ ਡਾਕਟਰ ਵੱਲੋਂ ਕੀਤੀ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਉਕਤ ਡਾਕਟਰ ਕੈਬਿਨ ਵਿੱਚ ਉਸ ਨਾਲ ਜਿਸਮਾਨੀ ਛੇੜਛਾੜ ਕਰਦਾ ਰਿਹਾ। ਬੱਚੀ ਨੇ ਦੱਸਿਆ ਕਿ ਡਾਕਟਰ ਨੇ ਉਸ ਨੂੰ ਘਰ ਜਾ ਕੇ ਨਾ ਦੱਸਣ ਦੀ ਤਾਕੀਦ ਵੀ ਕੀਤੀ।
ਬੱਚੀ ਦੇ ਮਾਤਾ-ਪਿਤਾ ਨੇ ਤੁਰੰਤ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ, ਜਿਸ 'ਤੇ ਨਡਾਲਾ ਪੁਲਿਸ ਨੇ ਬੱਚੀ ਦੇ ਬਿਆਨਾਂ 'ਤੇ ਪਰਚਾ ਦਰਜ ਕਰਕੇ ਡਾਕਟਰ ਰਮਨਜੀਤ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਡਾਕਟਰ ਨੂੰ ਇੱਕ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।