ਕਪੂਰਥਲਾ: ਫਜ਼ੂਲ ਖਰਚੀ ਬੰਦ ਕਰਨ ਅਤੇ ਸਮੇਂ ਦੇ ਪਾਬੰਦ ਹੋਣ ਲਈ ਹਲਕਾ ਭੁੱਲਥ ਦੇ ਅਧੀਨ ਪੈਂਦੇ ਪਿੰਡ ਭਦਾਸ ਦੀ ਪੰਚਾਇਤ ਅਤੇ ਗੁਰਦੂਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲੇ ਉੱਤੇ ਵਿਚਾਰ ਕਰਦਿਆਂ ਆਪਣੇ ਪਿੰਡ ਵਿੱਚ ਕੁਝ ਸ਼ਰਤਾਂ ਲਾਗੂ ਕੀਤੀਆਂ ਅਤੇ ਇੱਕ ਮਤਾ ਪਾਸ ਕਰਦਿਆਂ ਅਹਿਮ ਗੱਲਾਂ ਉੱਤੇ ਮੋਹਰ ਲਗਾਈ ਜਿਸ ਦੀ ਚਫੇਰੇ ਭਰਪੂਰ ਚਰਚਾ ਹੋ ਰਹੀ ਹੈ।
ਪੰਚਾਇਤ ਵੱਲੋਂ ਲਏ ਗਏ ਫੈਸਲੇ: ਪਿੰਡ ਭਦਾਸ ਦੀ ਪੰਚਾਇਤ ਨੇ ਫਜ਼ੂਲ ਖ਼ਰਚੀ ਅਤੇ ਗੁਰੂਘਰ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਜੋ ਪਹਿਲਾਂ ਫੈਸਲਾ ਕੀਤਾ ਹੈ ਉਹ ਇਹ ਹੈ ਕਿ ਪਿੰਡ ਵਿੱਚ ਕੋਈ ਵੀ ਬਰਾਤ 12 ਵਜੇ ਤੋਂ ਪਹਿਲਾਂ ਪਹੁੰਚ ਕੇ ਅਨੰਦ ਕਾਰਜ ਕਰਵਾਏਗੀ ਅਤੇ ਲਾਵਾਂ 12 ਵਜੇ ਤੋਂ ਪਹਿਲਾਂ ਹੋਣਗੀਆਂ। ਜੇਕਰ ਬਰਾਤ ਲੇਚ ਪਹੁੰਚਦੀ ਹੈ ਤਾਂ 11 ਹਜ਼ਾਰ ਰੁਪਏ ਜ਼ੁਰਾਮਾਨਾ ਬਰਾਤੀਆਂ ਨੂੰ ਭਰਨਾ ਪਵੇਗਾ। ਇਸ ਤੋਂ ਇਲਾਵਾ ਲਾਵਾਂ ਸਮੇਂ ਕੋਈ ਵੀ ਕੁੜੀ ਲਹਿੰਗਾ ਨਹੀਂ ਪਹਿਨੇਗੀ ਸਿਰਫ਼ ਅਤੇ ਸਿਰਫ਼ ਸੂਟ ਵਿੱਚ ਹੀ ਲਾਵਾਂ ਲਈਆਂ ਜਾਣਗੀਆਂ। ਵਿਆਹ ਤੋਂ ਬਾਅਦ ਅਗਲੇ ਦਿਨ ਸਹੁਰੇ ਘਰ ਫੇਰੀ ਲਈ ਸਿਰਫ ਲੜਕੇ ਦਾ ਪਰਿਵਾਰ ਹੀ ਜਾਵੇਗਾ ਅਤੇ ਜੇਕਰ ਇਸ ਦੀ ਉਲੰਘਣਾ ਕਰਦਾ ਹੈ ਤਾਂ ਫਿਰ 11 ਹਜ਼ਾਰ ਰੁਪਏ ਦੀ ਕਰੀਬ ਜ਼ੁਰਮਾਨਾ ਲਗਾਇਆ ਜਾਵੇਗਾ।
ਘਰ ਲੰਗਰ ਲਿਜਾਉਣ ਉੱਤੇ ਪਾਬੰਦੀ: ਵਿਆਹ ਵਿੱਚ ਜਿਹੜੇ ਘਰ ਲਈ ਲੰਗਰ ਲਿਜਾਉਣ ਲਈ ਟਿਫਨ ਬੋਕਸ, ਲਿਫਾਫੇ ਆਦਿ ਲੈਕੇ ਆਉਣ ਲਈ ਕਸੂਰਵਾਰ ਪਾਏ ਜਾਂਦੇ ਹਨ ਤਾਂ ਅਜਿਹੇ ਲੋਕਾਂ ਨੂੰ 10000 ਰੁਪਏ ਜੁਰਮਾਨਾ ਅਤੇ 2 ਮਹੀਨੇ ਗੁਰੂਘਰ ਵਿੱਚ ਜੋੜਿਆਂ ਦੀ ਸੇਵਾ ਕਰਨੀ ਪਵੇਗੀ। ਇਸ ਤੋਂ ਇਲਾਵਾ ਜੇਕਰ ਪਿੰਡ ਦੀ ਕਮੇਟੀ ਦਾ ਕੋੇਈ ਮੈਂਬਰ, ਪ੍ਰਧਾਨ, ਨੰਬਰਦਾਰ ਅਤੇ ਸਰਪੰਚ ਕਸੂਰਵਾਰ ਪਾਏ ਜਾਂਦੇ ਹਨ ਤਾਂ 30000 ਰੁਪਏ ਜੁਰਮਾਨਾ, 3 ਮਹੀਨੇ ਜੋੜਿਆਂ ਦੀ ਸੇਵਾ ਕਰਨੀ ਪਵੇਗੀ। ਜੇਕਰ ਰੋਟੀਆਂ ਪਕਾਉਣ ਵਾਲੇ ਜਾਂ ਪੰਚ ਕਸੂਰਵਾਰ ਪਾਏ ਜਾਂਦੇ ਹਨ ਤਾਂ 1100 ਰੁਪਏ ਜੁਰਮਾਨਾ। ਬਾਜੀਗਰ, ਭੰਡ, ਖੁਸਰੇ ਨੂੰ ਸਰਕਾਰ ਤੋਂ ਮਨਜੂਰ ਦਸਤਾਵੇਜ ਜਾਂ ਪੰਚਾਇਤ ਵੱਲੋਂ ਤਸਦੀਕ ਕਰਨ ਉੱਤੇ ਹੀ ਵਧਾਈ ਦਿੱਤੀ ਜਾਵੇਗੀ। ਖੁਸਰੇ ਦੀ ਵਧਾਈ 11000, ਭੰਡਾ ਦੀ ਵਧਾਈ 1100 ਰੁਪਏ ਹੋਵੇਗੀ।
ਇਹ ਵੀ ਪੜ੍ਹੋ: Pakistani drone on Amritsar border : BSF ਨੇ ਸਰਹੱਦ 'ਤੇ ਪਾਕਿਸਤਾਨੀ ਡਰੋਨ ਨੂੰ ਕੀਤਾ ਢੇਰ, 5 ਕਿਲੋ ਹੈਰੋਇਨ ਵੀ ਬਰਾਮਦ
ਨਸ਼ਾ ਵੇਚਣ ਵਾਲਿਆਂ ਉੱਤੇ ਨਕੇਲ: ਇਸ ਤੋਂ ਇਲਾਵਾ ਪੰਚਾਇਤ ਨੇ ਮਤੇ ਵਿੱਚ ਨਸ਼ੇ ਦੇ ਮੁੱਦੇ ਉੱਤੇ ਵੀ ਸਖ਼ਤ ਐਕਸ਼ਨ ਲਿਆ ਅਤੇ ਪਿੰਡ ਵਿੱਚ ਨਸ਼ਾ ਵੇਚਣਾ ਜਿਵੇਂ ਜਰਦਾ, ਤੰਬਾਕੂ, ਖੈਣੀ ਵੇਚਣ ਦੀ ਬਿਲਕੁੱਲ ਮਨਾਹੀ ਹੈ ਅਤੇ ਜੇਕਰ ਫਿਰ ਵੀ ਕੋਈ ਨਹੀ ਹਟਦਾ ਤਾਂ 5000 ਰੁਪਏ ਜੁਰਮਾਨਾ ਉਸ ਨੂੰ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਕੀਤੇ ਇਹ ਫੈਸਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਫੈਸਲੇ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਪਿੰਡ ਪੱਧਰ ਉੱਤੇ ਸੁਧਾਰ ਸ਼ੁਰੂ ਹੋ ਸਕੇ।