ਕਪੂਰਥਲਾ: ਕੋਰੋਨਾ ਵਾਇਰਸ ਤੋਂ ਬਚਾਅ ਸਦਕਾ ਕਪੂਰਥਲਾ 'ਚ ਪੈਂਦੇ ਟਾਪੂ ਬਾਊਪੁਰ ਦੇ ਇਕਲੌਤੇ ਬ੍ਰਿਜ ਪਲਟੂਨ ਪੁੱਲ ਵਾਲੇ ਰਸਤੇ ਨੂੰ ਸਥਾਨਕ ਪਿੰਡ ਵਾਸੀਆਂ ਵੱਲੋਂ ਸੀਲ ਕਰ ਦਿੱਤਾ ਗਿਆ ਹੈ।
ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਟਾਪੂ ਉੱਤੇ ਤਕਰੀਬਨ ਤਿੰਨ ਹਜ਼ਾਰ ਲੋਕਾਂ ਦੀ ਅਬਾਦੀ ਹੈ। ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਇਲਾਕੇ ਲਈ ਕੋਈ ਯੋਜਨਾ ਤਿਆਰ ਨਹੀਂ ਕੀਤੀ ਗਈ, ਜਿਸ ਦੇ ਚਲਦੇ ਉਨ੍ਹਾਂ ਨੇ ਆਪ ਹੀ ਇਸ ਟਾਪੂ ਦੀ ਅਬਾਦੀ ਦੀ ਸੁਰੱਖਿਆ ਲਈ ਨਾਕੇਬੰਦੀ ਕਰ ਟਾਪੂ ਨੂੰ ਸੀਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਲਟੂਨ ਪੁੱਲ ਇਸ ਟਾਪੂ ਤੇ ਰਹਿਣ ਵਾਲੇ ਲੋਕਾਂ ਲਈ ਇਕਲੌਤਾ ਰਾਹ ਹੈ। ਇਸ ਲਈ ਲੋਕਾਂ ਦੀ ਸੁਰੱਖਿਆ ਲਈ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਸ ਟਾਪੂ ਨੂੰ ਸੂਬੇ ਨਾਲ ਜੋੜਨ ਵਾਲੇ ਪਲਟੂਨ ਪੁੱਲ ਨੂੰ ਬੰਦ ਕਰਕੇ ਨਾਕੇਬੰਦੀ ਕਰ ਦਿੱਤੀ ਗਈ ਹੈ ਤੇ ਕਿਸੇ ਵੀ ਬਾਹਰੋਂ ਆਏ ਵਿਅਕਤੀ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਇੱਥੇ ਦੇ ਲੋਕਾਂ ਨੇ ਖ਼ੁਦ ਦੀ ਸੁਰੱਖਿਆ ਲਈ ਇਹ ਕਦਮ ਚੁੱਕਿਆ ਹੈ। ਇਸ ਟਾਪੂ ਦੇ ਵਸਨੀਕ ਬੇਹਦ ਜ਼ਰੂਰੀ ਕੰਮ ਲਈ ਹੀ ਬਾਹਰ ਜਾ ਸਕਦੇ ਹਨ।