ਕਪੂਰਥਲਾ: ਭਾਂਵੇ ਕਿ ਪ੍ਰਸ਼ਾਸਨ ਨੇ ਨਡਾਲਾ ਚੌਂਕ ਤੋਂ ਬੇਗੋਵਾਲ ਟਾਂਡਾ ਰੋਡ ਤੱਕ ਸਵੇਰੇ 7 ਤੋਂ ਰਾਤ 9 ਵਜੇ ਤੱਕ ਭਾਰੀ ਟਰੱਕ ਟਰਾਲਿਆ ਦੀ ਆਮਦ ਉੱਤੇ ਪਾਬੰਦੀ ਲਗਾਈ ਹੋਈ ਹੈ ਪਰ ਰੋਕ ਲੱਗਣ ਦੇ ਬਾਵਜੂਦ ਵੀ ਉਕਤ ਰੋਡ ਉੱਤੇ ਬਗੈਰ ਰੋਕ -ਟੋਕ ਇਹਨਾਂ ਦੀ ਆਮਦ ਜਾਰੀ ਹੈ। ਪ੍ਰਸ਼ਾਸ਼ਨ ਦੀ ਲਾਪਰਵਾਹੀ ਨਾਲ ਲੋਕ ਆਪਣੀਆਂ ਕੀਮਤੀ ਜਾਨਾ ਗਵਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਪਿੰਡ ਕੂਕਾ ਤਲਵੰਡੀ ਅੱਡੇ ਉੱਤੇ ਵਾਪਰਿਆ, ਜਿੱਥੇ ਇਕ 35 ਸਾਲ ਦਾ ਸ਼ਖ਼ਸ ਆਪਣੇ ਸਹੁਰਿਆਂ ਦੇ ਘਰ ਵਿੱਚੋ ਨਿਕਲ ਕੇ ਆਪਣੇ ਪਿੰਡ ਟਾਂਡੀ ਜਾਣ ਲਈ ਮੋਟਰਸਾਈਕਲ ਉੱਤੇ ਸੜਕ ਕਿਨਾਰੇ ਖੜਾ ਸੀ ਕਿ ਪਿੱਛੋ ਤੇਜ਼ ਰਫਤਾਰ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਦਰੜਦਾ ਹੋਇਆ ਭੱਜ ਗਿਆ। ਇਸ ਦਰਦਨਾਕਰ ਹਾਦਸੇ ਵਿੱਚ ਨੋਜਵਾਨ ਦੀ ਮੌਤ ਹੋ ਗਈ ।
ਟਿੱਪਰ ਨੇ ਦਰੜਿਆ: ਇਸ ਸਬੰਧੀ ਜਾਣਕਾਰੀ ਦਿੰਦਿਆ ਲਖਵਿੰਦਰ ਸਿੰਘ ਵਾਸੀ ਪਿੰਡ ਟਾਂਡੀ ਦਾਖਲੀ ਨੇ ਦੱਸਿਆ ਕਿ ਮੇਰਾ ਭਤੀਜਾ ਰਣਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਟਾਂਡੀ ਦਾਖਲੀ ਆਪਣੇ ਮੋਟਰਸਾਈਕਲ ਉੱਤੇ ਆਪਣੇ ਸਹੁਰੇ ਪਿੰਡ ਕੂਕਾ ਤਲਵੰਡੀ ਜੋ ਕਿ ਸੜਕ ਕਿਨਾਰੇ ਉੱਤੇ ਹੀ ਘਰ ਹੈ ਉੱਥੇ ਗਿਆ ਸੀ ਅਤੇ ਸਵੇਰੇ ਪਿੰਡ ਵਾਪਸੀ ਕਰਨ ਵਾਸਤੇ ਮੋਟਰਸਾਈਕਲ ਉੱਤੇ ਸੜਕ ਕਿਨਾਰੇ ਖੜਾ ਸੀ। ਇਸ ਦੌਰਾਨ ਬੇਗੋਵਾਲ ਤਰਫੋਂ ਇੱਕ ਤੇਜ਼ ਰਫਤਾਰ ਟਿੱਪਰ ਆਇਆ ਅਤੇ ਸਾਈਜ ਖੜ੍ਹੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਨੌਜਵਾਨ ਨੂੰ ਦਰੜਦਾ ਹੋਇਆ ਭੱਜ ਗਿਆ। ਇਸ ਦੋਰਾਨ ਇਲਾਜ਼ ਲਈ ਉਸ ਨੂੰ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਿਊਟੀ ਡਾਕਟਰਾਂ ਨੇ ਨਾਜੁਕ ਹਾਲਤ ਵੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਅਤੇ ਰਸਤੇ ਵਿੱਚ ਜਾਂਦਿਆ ਉਸ ਦੀ ਮੌਤ ਹੋ ਗਈ ।
- ਆਮ ਤੋਂ ਲੈਕੇ ਖ਼ਾਸ ਤੱਕ ਗੈਂਗਸਟਰ ਗੋਲਡੀ ਬਰਾੜ ਦੀ ਦਹਿਸ਼ਤ, ਜਾਣੋ ਹੁਣ ਤੱਕ ਕਿਸ-ਕਿਸ ਨੂੰ ਦਿੱਤੀ ਧਮਕੀ ?
- NIA ਮੋਸਟ ਵਾਂਟੇਡ ਸੂਚੀ ਸ਼ਾਮਲ 8 ਗੈਂਗਸਟਰ, ਕੁਝ ਪੰਜਾਬ ਤੇ ਕੁਝ ਹਰਿਆਣਾ ਨਾਲ ਸਬੰਧਿਤ, ਦੇਖੋ ਸੂਚੀ
- ਗਿਆਨੀ ਰਘਬੀਰ ਸਿੰਘ ਨੇ ਸੰਭਾਲਿਆ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਹੁਦਾ, ਕਿਹਾ-ਦਰਪੇਸ਼ ਚੁਣੌਤੀਆਂ ਦਾ ਕਰਾਂਗੇ ਹੱਲ
ਪ੍ਰਸ਼ਾਸਨ ਉੱਤੇ ਲਾਪਰਵਾਹੀ ਦਾ ਇਲਜ਼ਾਮ: ਉੱਧਰ ਟੱਕਰ ਮਾਰ ਕੇ ਭੱਜੇ ਟਿੱਪਰ ਵਿੱਚ ਪਿੰਡ ਘੱਗ ਨੇੜੇ ਪਰੈਸ਼ਰ ਟੈਂਕੀ ਲੀਕ ਹੋਣ ਕਾਰਣ ਟਿੱਪਰ ਚਾਲਕ, ਟਿੱਪਰ ਛੱਡ ਕੇ ਫਰਾਰ ਹੋ ਗਿਆ । ਮ੍ਰਿਤਕ ਨੋਜਵਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜੇਕਰ ਇਸ ਰੋਡ ਤੇ ਟਿੱਪਰ ,ਟਰਾਲਿਆਂ ਉੱਤੇ ਪਾਬੰਦੀ ਸੀ ਤਾਂ ਇਹਨਾ ਉੱਤੇ ਸਖਤੀ ਨਾਲ ਰੋਕ ਕਿਉਂ ਨਹੀ ਲੱਗੀ । ਇਸ ਹਾਦਸੇ ਪਿੱਛੇ ਉਹਨਾਂ ਪ੍ਰਸ਼ਾਸ਼ਨ ਨੂੰ ਵੀ ਜਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਧਰਨਾ ਲਾਉਣ ਨੂੰ ਮਜ਼ਬੂਰ ਹੋਣਗੇ। ਉਹਨਾਂ ਦੱਸਿਆ ਕਿ ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ 5 ਸਾਲਾ ਲੜਕੀ ਦਾ ਬਾਪ ਵੀ ਸੀ ।ਉੱਧਰ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬੇਗੋਵਾਲ ਦੇ ਸਬ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮ੍ਰਿਤਕ ਨੋਜਵਾਨ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾ ਦੇ ਅਧਾਰ ਉੱਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।