ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਮਾਛੀਜੋਆ 'ਚ ਬੀਤੀ ਰਾਤ 3:00 ਵਜੇ ਦੇ ਕਰੀਬ ਚਾਰ ਸਾਲ ਦੀ ਬੱਚੀ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ। ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਸਥਾਨਕ ਚਾਰ ਥਾਣਿਆਂ ਦੀ ਫੋਰਸ ਲਗਾ ਕੇ ਸਖ਼ਤ ਨਾਕਾਬੰਦੀ ਤੋਂ ਬਾਅਦ ਸਿਰਫ 4 ਘੰਟੇ ਵਿੱਚ ਬੱਚੀ ਨੂੰ ਸਹੀ ਸਲਾਮਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਡੀਐਸਪੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੀ ਨੂੰ ਸਹੀ ਸਲਾਮਤ ਲੱਭ ਲਿਆ ਹੈ, ਜਿਸ ਨੂੰ ਉਸ ਦੇ ਮਾਪਿਆ ਨੂੰ ਸੌਂਪ ਦਿੱਤਾ ਗਿਆ ਹੈ। ਸਰਵਨ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਸੁਰੇਸ਼ ਇਸ ਵੇਲੇ ਪੁਲਿਸ ਹਿਰਾਸਤ 'ਚ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਝਾਰਖੰਡ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਸੁਰੇਸ਼ ਘਰਾਂ 'ਚ ਚੋਰੀਆਂ ਕਰਦਾ ਸੀ, ਉਸ ਨੇ ਬੱਚੀ ਨੂੰ ਇਸ ਲਈ ਅਗਵਾ ਕੀਤਾ ਤਾਂ ਜੋ ਬਾਅਦ 'ਚ ਉਹ ਉਸ ਨੇ ਪਰਿਵਾਰ ਤੋਂ ਫਿਰੌਤੀ ਮੰਗ ਸਕੇ। ਪੁਲਿਸ ਨੇ ਤਲਾਸ਼ੀ ਦੌਰਾਨ ਮੁਲਜ਼ਮ ਤੋਂ ਤਿੰਨ ਮੋਬਾਈਲ ਤੇ 1 ਟੈਬਲੇਟ ਬਰਾਮਦ ਕੀਤੇ ਹਨ।
ਡੀਐੱਸਪੀ ਬੱਲ ਨੇ ਦੱਸਿਆ ਕਿ ਕਾਬੂ ਕੀਤੇ ਮੁਲਜਮ ਸੁਰੇਸ਼ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਸੁਰੇਸ਼ ਕੁਮਾਰ ਇਕ ਸਾਲ ਤੋਂ ਕਪੂਰਥਲਾ 'ਚ ਰਹਿ ਰਿਹਾ ਸੀ ਅਤੇ 10 ਕੁ ਦਿਨ ਤੋਂ ਸੁਲਤਾਨਪੁਰ ਲੋਧੀ ਵਿਚ ਝੁੱਗੀ ਪਾ ਕੇ ਰਹਿ ਰਿਹਾ ਸੀ।