ਕਪੂਰਥਲਾ : ਕਪੂਰਥਲਾ ਦੀ ਮਾਡਰਨ ਜੇਲ੍ਹ 'ਚ ਬੰਦ ਕੈਦੀਆਂ ਦੀ ਰੁਟੀਨ ਤਲਾਸ਼ੀ ਦੌਰਾਨ ਇਕ ਕੈਦੀ ਦੇ ਕੱਪੜਿਆਂ ਦੀ ਤਲਾਸ਼ੀ ਲੈਣ 'ਤੇ ਉਸ ਦੇ ਬੈਗ 'ਚੋਂ 8mm ਦਾ ਕਾਰਤੂਸ ਦਾ ਖੋਲ ਬਰਾਮਦ ਹੋਇਆ, ਜਿਸ ਤੋਂ ਬਾਅਦ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਕਪੂਰਥਲਾ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਕੈਦੀ ਸੁਖਦੇਵ ਸਿੰਘ ਉਰਫ਼ ਬਿੱਲਾ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਬਾਹੂਵਾਲ ਤਰਨਤਾਰਨ ਜਦੋਂ ਨਵੇਂ ਕੈਦੀ ਵਜੋਂ ਜੇਲ੍ਹ ਵਿੱਚ ਦਾਖ਼ਲ ਹੋਇਆ ਤਾਂ ਉਸ ਦੇ ਕੱਪੜਿਆਂ ਦੇ ਬੈਗ ਦੀ ਤਲਾਸ਼ੀ ਦੌਰਾਨ ਉਸ ਦੇ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਕੁਝ ਸ਼ੱਕੀ ਪਾਇਆ ਗਿਆ, ਜਦੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਬੈਗ ਵਿੱਚ ਪਏ ਕੱਪੜਿਆਂ ਵਿੱਚੋਂ 8 ਐਮਐਮ ਕਾਰਤੂਸ ਦਾ ਖੋਲ ਮਿਲਿਆ। ਸਹਾਇਕ ਸੁਪਰਡੈਂਟ ਮਾਡਰਨ ਜੇਲ੍ਹ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਪੁਲਿਸ ਨੇ ਸੁਖਦੇਵ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ
ਐਕਸਰੇ ਚੈਕਿੰਗ ਵਿੱਚ ਦਿਸਿਆ ਕਾਰਤੂਸ ਦਾ ਖੋਲ : ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਜੇਲ੍ਹ ਵਿੱਚ ਬੰਦ ਸੁਖਦੇਵ ਸਿੰਘ ਉਰਫ਼ ਬਿੱਲਾ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਬਹੂਵਾਲ ਤਰਨਤਾਰਨ ਜੇਲ੍ਹ ਵਿੱਚ ਦਾਖ਼ਲ ਹੋਇਆ ਤਾਂ ਰੁਟੀਨ ਤਲਾਸ਼ੀ ਦੌਰਾਨ ਉਸ ਦਾ ਬੈਗ ਐਕਸਰੇ ਮਸ਼ੀਨ ਵਿੱਚ ਚੈੱਕ ਕੀਤਾ ਗਿਆ। ਇਸ ਵਿੱਚ ਇੱਕ ਸ਼ੱਕੀ ਚੀਜ਼ ਸੀ। ਗੁਰਜਿੰਦਰ ਅਨੁਸਾਰ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਤਲਾਸ਼ੀ ਦੌਰਾਨ ਬੈਗ ਵਿੱਚ ਪਏ ਕੱਪੜਿਆਂ ਵਿੱਚੋਂ 8 ਐਮਐਮ ਕਾਰਤੂਸ ਦਾ ਇੱਕ ਖੋਲ ਮਿਲਿਆ। ਥਾਣਾ ਕੋਤਵਾਲੀ ਪੁਲੀਸ ਨੇ ਹਵਾਲਾਤੀ ਸੁਖਦੇਵ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਵਰਨਣਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੋਬਾਈਲ ਫੋਨ ਜਾਂ ਹੋਰ ਚੀਜ਼ਾਂ ਮਿਲਣ ਦੀਆਂ ਖਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਸੁਰੱਖਿਆ ਦੇ ਕਰੜੇ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਫਿਰ ਵੀ ਇਹ ਬਰਾਮਦਗੀਆਂ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਦੇ ਵਾਅਦਿਆਂ ਤੇ ਦਾਅਵਿਆਂ ਨੂੰ ਖੋਖਲਾ ਕਰਦੀਆਂ ਹਨ।