ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦਾ ਰੇੜਕਾ ਅਜੇ ਤੱਕ ਫਸਿਆ ਹੋਇਆ ਹੈ ਪਰ ਸ਼ਾਇਦ ਇਹ ਰੇੜਕਾ 21 ਅਕਤੂਬਰ ਦੀ ਮੀਟਿੰਗ ਤੋਂ ਬਾਅਦ ਖ਼ਤਮ ਹੋ ਸਕਦਾ। ਕਾਂਗਰਸ ਨੇ ਇਹ ਸਾਰਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਪੁਰਦ ਕਰਦਿਆਂ ਕਿਹਾ ਕਿ ਜਥੇਦਾਰ ਦੀ ਗੱਲ 'ਤੇ ਫੁੱਲ ਚੜਾਏ ਜਾਣਗੇ। ਇਸ ਤੋਂ ਬਾਅਦ ਹੁਣ 21 ਅਕਤੂਬਰ ਨੂੰ ਜਥੇਦਾਰ ਇਸ ਸਬੰਧੀ ਕੋਈ ਫ਼ੈਸਲਾ ਲੈ ਸਕਦੇ ਹਨ।
ਇਸ ਤੋਂ ਸਾਰੇ ਜਾਣੂ ਹੋ ਹੀ ਗਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲ਼ੇ ਅੱਡ ਸਟੇਜ ਲਾਉਣ ਲਈ ਕਮਰਕੱਸੇ ਕੱਸੀ ਬੈਠ ਹਨ ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਪੂਰਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਛੱਡ ਦਿੱਤਾ ਹੈ। ਕੈਪਟਨ ਦੇ ਇਸ ਬਿਆਨ ਤੋਂ ਬਾਅਦ ਸਾਰੇ ਸਿੱਖ ਪੰਥ ਅਤੇ ਸਿਆਸੀ ਮਾਹਰਾਂ ਦੀ ਨਿਗਾਹਾਂ 21 ਅਕਤੂਬਰ ਨੂੰ ਪੰਜ ਜਥੇਦਾਰਾਂ ਦੀ ਹੋਣ ਵਾਲੀ ਮੀਟਿੰਗ 'ਤੇ ਟਿਕ ਗਈਆਂ ਹਨ।
ਇਸ ਵਿੱਚ ਸਭ ਤੋਂ ਉਲਝਵਾਂ ਮਾਮਲਾ ਇਹ ਹੈ ਕਿ ਜੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਖ-ਵੱਖ ਸਟੇਜਾਂ ਲਾਉਦੀ ਹੈ ਤਾਂ ਫਿਰ ਜਿਹੜੇ ਮਹਿਮਾਨਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਨੂੰ ਸੱਦਿਆ ਗਿਆ ਉਹ ਕਿਹੜੀ ਸਟੇਜ਼ ' ਸ਼ਿਰਕਤ ਕਰਨਗੇ। 21 ਅਕਤੂਬਰ ਨੂੰ ਜੇ ਜਥੇਦਾਰ ਕਹਿ ਦਿੰਦੇ ਹਨ ਕਿ ਇਹ ਇੱਕ ਹੀ ਸਟੇਜ ਲੱਗੇਗੀ ਤਾਂ ਫਿਰ ਸਟੇਜ ਤੇ ਕੌਣ-ਕੌਣ ਬੈਠੇਗਾ।
ਜਾਣਕਾਰੀ ਮੁਤਾਬਕ ਜੇ ਸਟੇਜ ਇੱਕ ਹੀ ਲਗਦੀ ਹੈ ਤਾਂ ਫਿਰ ਇਸ ਸਟੇਜ਼ ਤੇ ਮੁਤਵਾਜ਼ੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਹਰਸਮਿਰਤ ਕੌਰ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਬੈਠ ਸਕਦੇ ਹਨ।
ਇਹ ਸਭ ਅਜੇ ਕਿਆਸਰਾਈਆਂ ਹਨ ਇਸ ਬਾਬਾਤ ਜੋ ਫ਼ੈਸਲਾ 21 ਅਕਤੂਬਰ ਨੂੰ ਆਵੇਗਾ ਸਭ ਦੀ ਨਜ਼ਰਾਂ ਉਸ 'ਤੇ ਹਨ ਪਰ ਜੇ ਇਹ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਹੱਕ ਵਿੱਚ ਜਾਂਦਾ ਹੈ ਤਾਂ ਫਿਰ ਕਿਤੇ ਨਾ ਕਿਤੇ ਸੰਗਤ ਵਿੱਚ ਇਹ ਸੰਦੇਸ਼ ਜਾਵੇਗਾ ਕਿ ਜਥੇਦਾਰ ਵੀ ਅਕਾਲੀ ਦਲ ਦੇ ਪ੍ਰਭਾਵ ਹੇਠ ਆ ਗਿਆ ਹੈ।