ਕਪੂਰਥਲਾ: ਪੰਜਾਬ ਸਰਕਾਰ ਵਲੋਂ ਜਿੱਥੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਜੀਅ-ਤੋੜ ਯਤਨ ਕੀਤੇ ਜਾ ਰਹੇ ਹਨ, ਉਥੇ ਸਰਕਾਰ ਦੇ ਨਿਰਦੇਸ਼ਾਂ 'ਤੇ ਵੱਖ-ਵੱਖ ਵਿਭਾਗਾਂ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜ਼ਿਲੇ ਦੇ ਯੁਵਕ ਸੇਵਾਵਾਂ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਘਰ ਬੈਠੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨਿਵੇਕਲਾ ਉਪਰਾਲਾ ਕੀਤਾ ਹੈ। ਵਿਭਾਗ ਵੱਲੋਂ ਕੋਰੋਨਾ ਵਾਇਰਸ ਸਬੰਧੀ ਟਿਕ-ਟੌਕ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ ਨੇ ਦੱਸਿਆ ਕਿ 15 ਤੋਂ 35 ਸਾਲ ਦਾ ਕੋਈ ਵੀ ਵਿਅਕਤੀ ਟਿਕ-ਟੌਕ ਮੁਕਾਬਲੇ ਵਿੱਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਐਂਟਰੀ ਉਨਾਂ ਦੇ ਮੋਬਾਇਲ ਨੰਬਰ 98158-81016 'ਤੇ 12 ਅਪ੍ਰੈਲ 2020 ਤੱਕ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਟਿਕ-ਟੌਕ ਵੀਡੀਓ ਬਣਾਉਣ ਦੌਰਾਨ ਕੋਰੋਨਾ ਵਾਇਰਸ ਸਬੰਧੀ ਵੱਖਰੇ-ਵੱਖਰੇ ਵਿਸ਼ਿਆਂ ਨੂੰ ਛੋਹਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਟਿਕ-ਟੌਕ ਵਿੱਚ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦਾ ਨਾਅ ਲੈਣਾ ਜ਼ਰੂਰੀ ਹੋਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਇਹ ਸਬੰਧਤ ਜਾਗਰੂਕਤਾ ਵੀਡੀਓ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਹੀ ਹਿੱਸਾ ਹੈ।
ਪ੍ਰੀਤ ਕੋਹਲੀ ਨੇ ਦੱਸਿਆ ਕਿ ਪਹਿਲੇ 3 ਸਥਾਨਾਂ 'ਤੇ ਰਹਿਣ ਵਾਲੇ ਜੇਤੂਆਂ ਨੂੰ ਵਿਭਾਗ ਵੱਲੋਂ ਟਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਤੂਆਂ ਦਾ ਸਨਮਾਨ ਕੋਰੋਨਾ 'ਤੇ ਫਤਿਹ ਪਾਉਣ ਦੇ ਬਾਅਦ ਭਾਵ ਲੌਕਡਾਊਨ ਦੇ ਬਾਅਦ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਵਿੱਚ ਸੁਰੱਖਿਅਤ ਬੈਠੇ ਉਕਤ ਉਮਰ ਵਰਗ ਦੇ ਵਿਅਕਤੀ ਵੱਧ ਤੋਂ ਵੱਧ ਇਸ ਮੁਕਾਬਲੇ ਦਾ ਹਿੱਸਾ ਬਣਨ, ਤਾਂ ਜੋ ਆਪਣੇ ਵਿਲੱਖਣ ਅੰਦਾਜ਼ ਨਾਲ ਕੋਰੋਨਾ ਵਾਇਰਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।