ਜਲੰਧਰ: ਥਾਣਾ ਨੰਬਰ 6 ਦੀ ਹੱਦ 'ਚ ਪੈਂਦੇ ਗ੍ਰੀਨ ਮਾਡਲ ਟਾਊਨ 'ਚ ਇਕ ਨੌਜਵਾਨ ਨੇ ਕੋਠੀ ਮਾਲਕ ਦੀਆਂ ਧਮਕੀਆਂ ਤੋਂ ਦੁਖੀ ਹੋ ਕੇ ਐਤਵਾਰ ਦੁਪਹਿਰ ਫੇਸਬੁੱਕ 'ਤੇ ਲਾਈਵ ਹੋ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਦੂਜੇ ਪਾਸੇ ਪੁਲਿਸ ਨੇ ਕੋਠੀ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਗ੍ਰੀਨ ਮਾਡਲ ਟਾਊਨ ਵਿੱਚ ਹਰਪ੍ਰੀਤ ਸਿੰਘ ਬਾਠ ਦੀ ਕੋਠੀ ਵਿੱਚ ਰਹਿੰਦਾ ਸੀ। ਉਸ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸ ਦੀ ਪਤਨੀ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਨੰਬਰ ਛੇ ਦੀ ਪੁਲਿਸ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੀ ਜੋ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਗੰਭੀਰ ਹਾਲਤ ਵਿਚ ਗੁਰਪ੍ਰੀਤ ਨੂੰ ਪਿਮਸ ਹਸਪਤਾਲ ਦਾਖਲ ਕਰਵਾਇਆ ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਹਰਪ੍ਰੀਤ ਸਿੰਘ ਬਾਠ ਦੀ ਕੋਠੀ ਵਿੱਚ ਕੇਅਰ ਟੇਕਰ ਦੇ ਰੂਪ ਵਿੱਚ ਰਹਿੰਦੇ ਸਨ ਅਤੇ ਗੁਰਪ੍ਰੀਤ ਸਿੰਘ ਕਦੇ-ਕਦੇ ਹਰਪ੍ਰੀਤ ਸਿੰਘ ਦੇ ਘਰ ਜਾ ਕੇ ਕੋਈ ਕੰਮ ਵੀ ਕਰ ਦਿੰਦਾ ਸੀ। ਲੌਕਡਾਊਨ ਕਾਰਨ ਗੁਰਪ੍ਰੀਤ ਸਿੰਘ ਜਿੱਥੇ ਕੰਮ ਕਰਦਾ ਸੀ, ਉੱਥੋਂ ਉਸ ਨੂੰ ਜਵਾਬ ਮਿਲ ਗਿਆ। ਕੋਠੀ ਵਿੱਚ ਰੱਖਣ ਤੋਂ ਪਹਿਲਾਂ ਹਰਪ੍ਰੀਤ ਸਿੰਘ ਨੇ ਉਸ ਨੂੰ ਆਖਿਆ ਸੀ ਕਿ ਨਾ ਤਾਂ ਉਸ ਨੂੰ ਕੋਈ ਕਿਰਾਇਆ ਦੇਣਾ ਪਵੇਗਾ ਅਤੇ ਨਾ ਹੀ ਬਿਜਲੀ ਦਾ ਬਿੱਲ ਦੇਣਾ ਪਵੇਗਾ ਪਰ ਲੌਕਡਾਊਨ ਤੋਂ ਬਾਅਦ ਹਰਪ੍ਰੀਤ ਸਿੰਘ ਉਨ੍ਹਾਂ ਕੋਲੋਂ 84 ਹਜ਼ਾਰ ਰੁਪਏ ਕਿਰਾਇਆ ਮੰਗਣ ਲੱਗ ਪਿਆ, ਜਿਸ ਤੋਂ ਗੁਰਪ੍ਰੀਤ ਸਿੰਘ ਕਾਫ਼ੀ ਪਰੇਸ਼ਾਨ ਸੀ।
ਕੋਠੀ ਮਾਲਕ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ ਕਿ ਜੇ ਉਸ ਨੇ ਰੁਪਏ ਨਹੀਂ ਦਿੱਤੇ ਤਾਂ ਉਸ ਨੂੰ ਕੋਠੀ ਵਿੱਚੋਂ ਕੱਢ ਦੇਵੇਗਾ, ਜਿਸ ਤੋਂ ਪਰੇਸ਼ਾਨ ਹੋ ਕੇ ਗੁਰਪ੍ਰੀਤ ਸਿੰਘ ਨੇ ਇਹ ਕਦਮ ਚੁੱਕ ਲਿਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਹਰਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।