ਜਲੰਧਰ: ਕਸਬਾ ਫਿਲੌਰ ਦੇ ਪਿੰਡ ਸੋਡੋ ਵਿਖੇ 4 ਵਿਅਕਤੀਆਂ ਵੱਲੋਂ ਇੱਕ ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਸਵਰਨ ਸਿੰਘ ਨਾਮ ਦਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ਼ ਲਈ ਤੁਰੰਤ ਨੇੜਲੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਬੂਟੇ ਲਗਾਏ ਗਏ ਸਨ ਅਤੇ ਵਿਰੋਧੀਆਂ ਵੱਲੋਂ ਲਗਾਏ ਗਏ ਬੂਟਿਆਂ ਨੂੰ ਪੁੱਟ ਦਿੱਤਾ ਗਿਆ। ਜਿਸ ਤੋਂ ਬਾਅਦ ਪੰਚਾਇਤ ਨੇ ਇਸ ਮਾਮਲੇ ਨੂੰ ਫਿਲੌਰ ਦੀ ਪੁਲਿਸ ਚੌਂਕੀ ਲਸਾੜਾ ਵਿਖੇ ਸ਼ਿਕਾਇਤ ਦਿੱਤੀ ਗਈ ਹੈ।
ਇਸ ਤੋਂ ਗੁਸਾਏ ਆਏ ਵਿਰੋਧੀਆਂ ਨੇ ਸਵਰਨ ਸਿੰਘ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪੰਚਾਇਤ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਨਾਮ ਅਤੇ ਪੂਰੇ ਮਾਮਲੇ ਨੂੰ ਥਾਣੇ ਵਿੱਚ ਲਿਖਤੀ ਤੌਰ ‘ਤੇ ਲਿਖਵਾਇਆ ਹੋਇਆ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਉਪਿੰਦਰ ਸਿੰਘ ਨੇ ਦੱਸਿਆ ਕਿ ਵਿਅਕਤੀ ਦੇ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਸ ਦਾ ਕਾਫ਼ੀ ਲਹੂ ਵਗ ਚੁੱਕਾ ਹੈ। ਫ਼ਿਲਹਾਲ ਹਲੇ ਇਸ ਦਾ ਇਲਾਜ ਚੱਲ ਰਿਹਾ ਹੈ।