ਜਲੰਧਰ: ਰਤਨ ਨਗਰ ਵਿੱਚ ਬੀਤੇ ਕੱਲ ਹੋਏ ਕਤਲ ਕੇਸ ਵਿੱਚ ਪੁਲਿਸ ਨੇ ਆਰੋਪੀ ਜਵਾਈ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਆਰੋਪੀ ਕੋਲੋਂ ਕਤਲ ਲਈ ਵਰਤਿਆ ਤੇਜ਼ਧਾਰ ਚਾਕੂ ਵੀ ਬਰਾਮਦ ਕਰ ਲਿਆ ਹੈ।
ਦੱਸ ਦਈਏ ਕਿ ਬਾਬਾ ਦਾਰਾ ਰਾਮ ਪੰਜਾਬ ਪੁਲਿਸ ਵਿੱਚ ਬਤੌਰ ਹੋਮਗਾਰਡ ਦੀ ਨੌਕਰੀ ਕਰਦਾ ਸੀ, ਜਿਸ ਦਾ ਬੀਤੇ ਕੱਲ੍ਹ ਉਸ ਦੇ ਜਵਾਈ ਰਵੀ ਕੁਮਾਰ ਨੇ ਕਤਲ ਕਰ ਦਿੱਤਾ ਸੀ।
ਇਸ ਮੌਕੇ ਆਰੋਪੀ ਰਵੀ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਰਾਹੀਂ ਆਪਣੇ ਸਹੁਰੇ ਅਤੇ ਪਤਨੀ ਵਿਰੁੱਧ ਨਾਜਾਇਜ਼ ਸਬੰਧਾਂ ਦੇ ਦੋਸ਼ ਵੀ ਲਾਏ। ਉਸ ਨੇ ਕਿਹਾ ਉਸ ਦਾ ਆਪਣੀ ਪਤਨੀ ਨਾਲ ਇਸ ਗੱਲ ਨੂੰ ਲੈ ਕੇ ਅਕਸਰ ਝਗੜਾ ਹੋਇਆ ਕਰਦਾ ਸੀ।
ਏਸੀਪੀ ਵੈਸਟ ਬਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਰਵੀ ਕੁਮਾਰ ਲੈਦਰ ਕੰਪਲੈਕਸ ਰਸਤੇ ਵਿੱਚ ਘੁੰਮ ਫਿਰ ਰਿਹਾ ਹੈ, ਜਿਸ 'ਤੇ ਪੁਲਿਸ ਨੇ ਆਰੋਪੀ ਨੂੰ ਉਥੋਂ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਰਵੀ ਕੁਮਾਰ ਦਾ ਆਪਣੇ ਸਹੁਰੇ ਪਰਿਵਾਰ ਅਤੇ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਸਬੰਧੀ ਵੂਮੈਨ ਸੈਲ ਵਿੱਚ ਵੀ ਸ਼ਿਕਾਇਤ ਦਰਜ ਹੈ। ਇਸ ਝਗੜੇ ਦੀ ਵਜ੍ਹਾ ਕਾਰਨ ਹੀ ਰਵੀ ਕੁਮਾਰ ਨੇ ਆਪਣੇ ਸਹੁਰੇ ਦੀ ਹੱਤਿਆ ਕੀਤੀ ਹੈ। ਉਨ੍ਹਾਂ ਨੇ ਆਰੋਪੀ ਤੋਂ ਚਾਕੂ ਵੀ ਬਰਾਮਦ ਕੀਤਾ ਹੈ ਆਰੋਪੀ ਸਰਜੀਕਲ ਦਾ ਕੰਮ ਕਰਦਾ ਸੀ ਅਤੇ ਉਸ ਨੇ ਹੀ ਆਪਣੇ ਸਹੁਰੇ ਨੂੰ ਮਾਰਨ ਦੇ ਲਈ ਇਹ ਚਾਕੂ ਵਰਤਿਆ ਸੀ।
ਪੁਲਿਸ ਨੇ ਧਾਰਾ 302 ਅਧੀਨ ਆਰੋਪੀ ਰਵੀ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।