ਜਲੰਧਰ: ਜਿੱਵੇਂ ਜਿੱਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ-ਉਵੇਂ ਹਰ ਪਾਰਟੀ ਆਪਣੇ ਹੋਮ ਵਰਕ ਵਿੱਚ ਲੱਗੀ ਹੋਈ ਹੈ। ਹਾਲਾਂਕਿ ਅੱਜ ਤੋਂ ਕੁਝ ਦਿਨ ਪਹਿਲੇ ਤੱਕ ਇਹ ਸੋਚਿਆ ਜਾ ਰਿਹਾ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਰ ਰਾਜਨੀਤਕ ਪਾਰਟੀ ਕੋਲ ਕਈ ਮੁੱਦੇ ਹੋਣਗੇ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਮੁੱਦਿਆਂ 'ਤੇ ਚੋਣ ਲੜਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਸੀ।
ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀਹ ਸੀਟਾਂ ਹਾਸਲ ਕਰਕੇ ਆਪਣੇ ਆਪ ਨੂੰ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਬਣਾਇਆ ਸੀ। ਉਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਅਤੇ ਭਾਜਪਾ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਜ਼ਿਕਰਯੋਗ ਹੈ ਕਿ 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਅਕਾਲੀ ਦਲ ਭਾਜਪਾ ਦੀ ਸੱਤਾ ਨੂੰ ਬੁਰੀ ਤਰ੍ਹਾਂ ਪਛਾੜਦੇ ਹੋਏ ਖੁਦ 77 ਸੀਟਾਂ 'ਤੇ ਕਬਜ਼ਾ ਕੀਤਾ ਸੀ। ਜਦਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਭਾਜਪਾ ਨੂੰ ਮਹਿਜ਼ 18 ਸੀਟਾਂ ਨਾਲ ਹੀ ਗੁਜ਼ਾਰਾ ਕਰਨਾ ਪਿਆ ਸੀ।
ਇਸ ਸਭ ਵਿੱਚ ਸਭ ਤੋਂ ਮੁੱਖ ਗੱਲ ਇਹ ਸੀ ਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ 20 ਸੀਟਾਂ ਜਿੱਤ ਕੇ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਬਣ ਗਈ ਸੀ। 'ਆਪ' ਨੂੰ ਪਿਛਲੀ ਵਾਰ ਸਭ ਤੋਂ ਜ਼ਿਆਦਾ ਮਦਦ ਉਨ੍ਹਾਂ ਐੱਨ.ਆਰ.ਆਈਜ਼ ਦੀ ਸੀ ਜੋ ਪੰਜਾਬ ਵਿੱਚ ਬਾਕੀ ਪਾਰਟੀਆਂ ਨੂੰ ਪਹਿਲੇ ਹੀ ਅਜ਼ਮਾ ਚੁੱਕੇ ਸੀ ਅਤੇ ਆਮ ਆਦਮੀ ਪਾਰਟੀ ਤੋਂ ਉਨ੍ਹਾਂ ਨੂੰ ਬਹੁਤ ਉਮੀਦ ਸੀ। ਪਰ ਇਸ ਵਾਰ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਮੁੱਦਿਆਂ ਦੇ ਮਾਇਆ ਜਾਲ 'ਚ ਇਕ ਵਾਰ ਫਿਰ ਫਸ ਚੁੱਕੀ ਹੈ।
ਕੀ ਸਨ ਆਮ ਆਦਮੀ ਪਾਰਟੀ ਦੇ ਮੁੱਦੇ?
ਪੰਜਾਬ ਵਿੱਚ ਜਿੱਥੇ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਸ਼ੇ ਅਤੇ ਸਸਤੀ ਬਿਜਲੀ, ਪਾਣੀ ਦੇ ਮੁੱਦੇ ਦੇ ਨਾਲ-ਨਾਲ ਹੋਰ ਮੁੱਦਿਆਂ 'ਤੇ ਚੋਣ ਲੜੀ ਸੀ ਅਤੇ ਇਸ ਵਾਰ ਇਸ ਪਾਰਟੀ ਕੋਲ ਸਭ ਤੋਂ ਵੱਡਾ ਮੁੱਦਾ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਸੀ। ਪਰ ਹੁਣ ਇਹ ਸਾਰੇ ਮੁੱਦੇ ਤਕਰੀਬਨ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚੋਂ ਨਿਕਲ ਚੁੱਕੇ ਹਨ।
ਕੁਝ ਸਮਾਂ ਪਹਿਲੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸਸਤੀ ਅਤੇ ਮੁਫ਼ਤ ਬਿਜਲੀ ਦਾ ਦਾਅਵਾ ਕੀਤਾ ਸੀ, ਇਸ ਦੇ ਨਾਲ ਹੀ ਪੰਜਾਬ 'ਚ ਆ ਕੇ ਉਨ੍ਹਾਂ ਨੇ ਪੰਜਾਬ ਦੇ ਉਦਯੋਗਪਤੀਆਂ ਨਾਲ ਵੀ ਗੱਲਬਾਤ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਉਦਯੋਗਾਂ ਨੂੰ ਹੁਲਾਰਾ ਦੇਣ ਦੀ ਗੱਲ ਕਹੀ ਸੀ।
ਅਰਵਿੰਦ ਕੇਜਰੀਵਾਲ ਆਪਣੇ ਹਰ ਮੁੱਦੇ ਉੱਪਰ ਪੰਜਾਬ ਵਿੱਚ ਦਿੱਲੀ ਦੀ ਉਦਾਹਰਣ ਦਿੰਦੇ ਹੋਏ ਨਜ਼ਰ ਆਉਂਦੇ ਨੇ ਪਰ ਹੁਣ ਸ਼ਾਇਦ ਉਨ੍ਹਾਂ ਕੋਲ ਕਈ ਅਜਿਹੇ ਮੁੱਦੇ ਨੇ ਕਿਉਂਕਿ ਦੂਜੀਆਂ ਪਾਰਟੀਆਂ ਨੇ ਇਨ੍ਹਾਂ ਮੁੱਦਿਆਂ ਉਪਰ ਆਮ ਆਦਮੀ ਪਾਰਟੀ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।
ਆਖ਼ਿਰ ਕਿਵੇਂ 'ਆਪ' ਦੀਆਂ ਉਮੀਦਾਂ 'ਤੇ ਫਿਰਿਆ ਪਾਣੀ ?
ਪੰਜਾਬ ਵਿੱਚ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਿਸਾਨਾਂ ਦੀ ਸਭ ਤੋਂ ਹਮਾਇਤੀ ਪਾਰਟੀ ਕਹਾਉਂਦੀ ਹੈ। ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਬੋਲਦੀ ਰਹੀ ਹੈ। ਪਰ ਬੀਤੇ ਦਿਨੀਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਲਈ ਬਣਾਏ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਇਸ ਮੁੱਦੇ ਤੋਂ ਖੁੰਝ ਗਈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜੋ ਪੰਜਾਬ ਨੂੰ ਸਸਤੀ ਬਿਜਲੀ ਦੇਣ ਦੀ ਗੱਲ ਕਹੀ ਸੀ, ਉਸ 'ਤੇ ਕਾਂਗਰਸ ਨੇ ਪਾਣੀ ਫੇਰ ਦਿੱਤਾ, ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿੱਚ ਚੋਣਾਂ ਤੋਂ ਪਹਿਲੇ ਹੀ ਬਿਜਲੀ ਤਿੰਨ ਰੁਪਏ ਸਸਤੀ ਕਰ ਦਿੱਤੀ। ਇਸ ਦੇ ਨਾਲ ਹੀ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵੀ ਭਾਰੀ ਕਮੀ ਕੀਤੀ ਗਈ ਜੋ ਕਿ ਆਉਣ ਵਾਲੀਆਂ ਚੋਣਾਂ 'ਚ ਇੱਕ ਮੁੱਖ ਮੁੱਦਾ ਬਣਨ ਵਾਲੀ ਗੱਲ ਸੀ।
ਉੱਧਰ ਜਿੱਥੇ ਤੱਕ ਪੰਜਾਬ ਵਿੱਚ ਦਲਿਤ ਸੀ.ਐੈੱਮ ਅਤੇ ਡਿਪਟੀ ਸੀ.ਐਮ ਦੀ ਗੱਲ ਸੀ, ਉਸ ਵਿੱਚ ਵੀ ਬਾਕੀ ਪਾਰਟੀਆਂ ਦੀਆਂ ਉਮੀਦਾਂ ਉਪਰ ਕਾਂਗਰਸ ਨੇ ਹੂੰਝਾ ਫੇਰ ਦਿੱਤਾ। ਜਦ ਕਾਂਗਰਸ ਵੱਲੋਂ ਪੰਜਾਬ ਨੂੰ ਪਹਿਲੇ ਹੀ ਦਲਿਤ ਸੀ.ਐਮ ਦੇ ਦਿੱਤਾ ਗਿਆ। ਇਹੀ ਕਾਰਨ ਹੈ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਜੋ ਕਿ ਆਪਣੇ ਆਪ ਨੂੰ ਪੰਜਾਬ ਦੀ ਨੰਬਰ ਇੱਕ ਪਾਰਟੀ ਮੰਨ ਰਹੀ ਸੀ ਹੁਣ ਮੁੱਦਿਆਂ ਤੋਂ ਬਿਨਾਂ ਨਜ਼ਰ ਆ ਰਹੀ ਹੈ।
'ਸਮੇਂ ਅਨੁਸਾਰ ਹੋਵੇਗਾ ਸੀਐਮ ਚਿਹਰੇ ਦਾ ਐਲਾਨ'
ਹਾਲਾਂਕਿ ਇਸ ਬਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਡਾ. ਸੰਜੀਵ ਸ਼ਰਮਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰ ਦਿੱਤਾ ਗਿਆ ਹੈ ਪਰ ਬਾਵਜੂਦ ਇਸ ਦੇ ਕਿਸਾਨ ਭਾਜਪਾ ਵੱਲੋਂ ਦਿੱਤੇ ਗਏ ਜ਼ਖ਼ਮਾਂ ਨੂੰ ਅਤੇ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਜ਼ਖ਼ਮਾਂ ਤੇ ਲਗਾਈ ਗਈ ਮਰਹਮ ਨੂੰ ਕਦੀ ਨਹੀਂ ਭੁੱਲਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਜ਼ਖ਼ਮ ਭਾਜਪਾ ਨੇ ਪੰਜਾਬ ਦੀ ਕਿਸਾਨੀ ਨੂੰ ਦਿੱਤੇ ਨੇ ਉਹ ਇੱਕ ਲੰਮਾ ਸਮਾਂ ਤਕ ਨਹੀਂ ਭਰ ਸਕਦੇ। ਜਿੱਥੇ ਤੱਕ ਪੰਜਾਬ ਵਿੱਚ ਦੁਬਾਰਾ ਚੋਣਾਂ ਦੀ ਗੱਲ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਉਨ੍ਹਾਂ ਦੇ ਕੁਝ ਆਗੂ ਪਾਰਟੀ ਦਾ ਸਾਥ ਛੱਡ ਕੇ ਜਾ ਵੀ ਰਹੇ ਨੇ ਤਾਂ ਚੋਣਾਂ ਦੇ ਵਿੱਚ ਇਹ ਚੀਜ਼ਾਂ ਆਮ ਹੁੰਦੀਆਂ ਹਨ, ਜਦ ਪਾਰਟੀਆਂ ਦੇ ਆਗੂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਂਦੇ ਹਨ।
ਜਿੱਥੇ ਤੱਕ ਸੀਐਮ ਚਿਹਰੇ ਦਾ ਸਵਾਲ ਹੈ ਉਨ੍ਹਾਂ ਕਿਹਾ ਕਿ ਅਜੇ ਤੱਕ ਤਾਂ ਖੁਦ ਅਕਾਲੀ ਦਲ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਸੀਐਮ ਚਿਹਰਾ ਪ੍ਰਕਾਸ਼ ਸਿੰਘ ਬਾਦਲ ਹੋਣਗੇ ਜਾਂ ਸੁਖਬੀਰ ਬਾਦਲ, ਉਧਰ ਦੂਸਰੀਆਂ ਪਾਰਟੀਆਂ ਵੀ ਹਾਲੇ ਤੱਕ ਆਪਣੇ ਸੀਐਮ ਚਿਹਰੇ ਬਾਰੇ ਗੱਲ ਨਹੀਂ ਕਰ ਰਹੀਆਂ ਕਿਉਂਕਿ ਚੋਣਾਂ ਵਿਚ ਹਾਲੇ ਸਮਾਂ ਹੈ ਅਤੇ ਆਮ ਆਦਮੀ ਪਾਰਟੀ ਵੀ ਸਮੇਂ ਮੁਤਾਬਿਕ ਹੀ ਆਪਣੇ ਸੀਐਮ ਚਿਹਰੇ ਦੀ ਘੋਸ਼ਣਾ ਕਰੇਗੀ।
'ਆਮ ਆਦਮੀ ਪਾਰਟੀ 'ਤੇ ਭਾਜਪਾ ਦਾ ਹਮਲਾ'
ਉੱਧਰ ਇਸ ਪੂਰੇ ਮਾਮਲੇ 'ਤੇ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਇੱਕ ਸੁਪਨਾ ਲੈ ਕੇ ਬੈਠੀ ਸੀ ਕਿ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਵੱਲੋਂ ਉਨ੍ਹਾਂ ਦੀ ਹਮਾਇਤ ਕੀਤੀ ਜਾਏਗੀ ਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਤਿੰਨੇ ਕਾਨੂੰਨਾਂ ਦੇ ਵਾਪਸ ਲੈਣ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਇਹ ਸੁਪਨਾ ਚਕਨਾਚੂਰ ਹੋ ਗਿਆ ਹੈ।
ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਕਿਸਾਨੀ ਮੁੱਦੇ ਨੂੰ ਲੈ ਕੇ ਜਿਸ ਪੌੜੀ ਉੱਪਰ ਆਮ ਆਦਮੀ ਪਾਰਟੀ ਚੜ੍ਹ ਕੇ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਦੀ ਗੱਲ ਕਰ ਵਹੀ ਸੀ, ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਥੱਲਿਓਂ ਖਿਸਕਾ ਲਿਆ ਹੈ। ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਹੀ ਨਹੀਂ ਰਹਿ ਗਿਆ।
'ਆਪ' ਦੇ ਸੁਪਨਿਆਂ 'ਤੇ ਅਕਾਲੀ ਦਲ ਦਾ ਤੰਜ'
ਉੱਧਰ ਇਸ ਪੂਰੇ ਮਾਮਲੇ 'ਚ ਅਕਾਲੀ ਦਲ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਜੇ ਕੋਈ ਸਭ ਤੋਂ ਜ਼ਿਆਦਾ ਦੁਖੀ ਹੋਇਆ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਹੀ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਰਾਜਨੀਤੀ ਕਰ ਰਹੀ ਸੀ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਾਨੂੰਨ ਵਾਪਸ ਕਰਨ ਦੇ ਨਾਲ ਹੀ ਦੇਸ਼ ਦਾ ਭਲਾ ਹੈ, ਇਸ ਕਰਕੇ ਆਮ ਆਦਮੀ ਪਾਰਟੀ ਇਸ ਤੇ ਰਾਜਨੀਤੀ ਕਰਨਾ ਬੰਦ ਕਰੇ।
ਹੁਣ ਦੇਖਣਾ ਇਹ ਹੈ ਕਿ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਦੌਰਾਨ ਜਿੱਥੇ ਕਾਂਗਰਸ ਨੇ ਪਹਿਲੇ ਹੀ ਸਸਤੀ ਬਿਜਲੀ, ਸਸਤਾ ਪੈਟਰੋਲ , ਡੀਜ਼ਲ ਅਤੇ ਦਲਿਤ ਮੁੱਖ ਮੰਤਰੀ ਦਾ ਕਾਰਡ ਖੇਲਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਵੀ ਤਿੰਨੇ ਕਾਨੂੰਨ ਵਾਪਸ ਲੈ ਕੇ ਆਪਣਾ ਮਾਸਟਰ ਸਟ੍ਰੋਕ ਚੱਲ ਦਿੱਤਾ ਹੈ ਤਾਂ ਆਖਿਰ ਹੁਣ ਆਮ ਆਦਮੀ ਪਾਰਟੀ ਕਿਸ ਮੁੱਦੇ 'ਤੇ ਇਨ੍ਹਾਂ ਚੋਣਾਂ ਵਿੱਚ ਉਤਰੇਗੀ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਸਿਰਫ਼ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਰਹਿ ਰਹੇ ਪੰਜਾਬੀ ਐਨ.ਆਰ.ਆਈ ਭਰਾਵਾਂ ਦਾ ਵੀ ਸਹਿਯੋਗ ਮਿਲਿਆ ਸੀ ਅਤੇ ਉਸ ਮੇਂ ਉਨ੍ਹਾਂ ਕੋਲ ਕਈ ਸਾਰੇ ਮੁੱਦੇ ਵੀ ਸੀ।
ਇਹ ਵੀ ਪੜ੍ਹੋ : ਹਲਕੇ ਦਾ ਹਾਲ, ਜਨਤਾ ਦੇ ਨਾਲ: ਕੋਟਸ਼ਮੀਰ ਪਿੰਡ ਦੀ ਸੱਥ 'ਚ ਹੋਈ ਸਿਆਸੀ ਚਰਚਾ