ਜਲੰਧਰ: ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਅੱਜ ਜੈਵਲਿਨ ਥ੍ਰੋਅ ਵਿੱਚ ਗੋਲਡ ਮੈਡਲ ਲਿਆਉਣ ਵਾਲੇ ਨੀਰਜ ਚੋਪੜਾ ਅੱਜ ਹਾਕੀ ਖੇਡਦੇ ਹੋਏ ਨਜ਼ਰ ਆਏ ਅਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਜੈਵਲਿਨ ਥ੍ਰੋ ਕਰਦੇ ਹੋਏ ਨਜ਼ਰ ਆਏ। ਇਹ ਉਹ ਮੌਕਾ ਸੀ ਜਦੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਆਪਣੇ ਓਲੰਪਿਕ ਵਿੱਚ ਮੈਡਲ ਜਿੱਤ ਕੇ ਆਏ ਬਾਰਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੌਣੇ ਦੋ ਕਰੋੜ ਰੁਪਏ ਵੀ ਦਿੱਤੇ ਗਏ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੇ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸਭ ਤੋਂ ਵੱਧ 50 ਲੱਖ ਦੀ ਰਾਸ਼ੀ ਨਾਲ ਨੀਰਜ ਚੋਪੜਾ ਨੂੰ ਸਨਮਾਨਿਤ ਕੀਤਾ ਅਤੇ ਸੋਨੇ ਦੀ ਪਰਤ ਚੜ੍ਹਿਆ ਇਕ ਭਾਲਾ ਵੀ ਭੇਂਟ ਕੀਤਾ।
ਇਸ ਦੇ ਨਾਲ-ਨਾਲ ਹਾਕੀ ਦੇ ਦਸ ਖਿਡਾਰੀਆਂ ਨੂੰ ਪਚਾਸੀ ਲੱਖ ਰੁਪਏ ਦੀ ਰਕਮ ਦਿੱਤੀ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਬਜਰੰਗ ਪੂਨੀਆ ਨੂੰ ਦਸ ਲੱਖ ਅਤੇ ਪੈਰਾ ਓਲੰਪਿਕ ਵਿੱਚ ਹਾਈ ਜੰਪ ਵਿੱਚ ਰਜਤ ਪਦਕ ਜਿੱਤਣ ਵਾਲੇ ਨਿਸ਼ਾਦ ਕੁਮਾਰ ਨੂੰ ਵੀ ਪੱਚੀ ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ।
ਨੀਰਜ ਚੋਪੜਾ ਦੇ ਜੈਵਲਿਨ ਥ੍ਰੋਅ ਵਿੱਚ 87.58 ਰਿਕਾਰਡ ਨੂੰ ਦੇਖਦੇ ਹੋਏ ਯੂਨੀਵਰਸਿਟੀ ਵਿਚ ਇੱਕ 87.58 ਮੀਟਰ ਸੜਕ ਨੂੰ ਨੀਰਜ ਚੋਪੜਾ ਦਾ ਨਾਮ ਵੀ ਦਿੱਤਾ ਗਿਆ। ਇਸ ਮੌਕੇ ਨੀਰਜ ਚੋਪੜਾ ਨੇ ਯੂਨੀਵਰਸਿਟੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਅਤੇ ਪੈਰਾ ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਵੀ ਦਿੱਤੀ।
ਇਹ ਵੀ ਪੜ੍ਹੋ:ਪੰਜਾਬ ਦੇ ਇਸ ਅਧਿਆਪਕ ਨੇ ਆਪਣੀ ਕਾਰ ਨੂੰ ਬਣਾਇਆ ਸਕੂਲ ਵੈਨ