ਜਲੰਧਰ: ਪੁਲਿਸ ਵੱਲੋਂ ਅਫੀਮ ਅਤੇ ਭੁੱਕੀ ਦੀ ਤਸਕਰੀ ’ਚ ਸ਼ਾਮਲ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਚਾਰ ਕਿਲੋਗ੍ਰਾਮ ਅਫੀਮ ਅਤੇ 50 ਕਿਲੋਗ੍ਰਾਮ ਭੁੱਕੀ ਸਮੇਤ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੱਕ ਅੰਤਰਰਾਜੀ ਗਿਰੋਹ ਇਲਾਕੇ ਵਿੱਚ ਅਫੀਮ ਅਤੇ ਭੁੱਕੀ ਦੀ ਸਪਲਾਈ ਲਈ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਵਲੋਂ ਪਰਾਗਪੁਰ ਪੁਲਿਸ ਚੌਕੀ ਨੇੜੇ ਚੈਕਿੰਗ ਕੀਤੀ ਗਈ, ਜਿਸ ਦੌਰਾਨ ਫਗਵਾੜਾ ਸਾਈਡ ਤੋਂ ਆ ਰਹੇ ਇਕ ਟਰੱਕ ਦਾ ਨੰਬਰ ਐਚ ਆਰ 68-ਏ 5148, ਨੂੰ ਪੁਲਿਸ ਵੱਲੋਂ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਟਰੱਕ ਦੇ ਡਰਾਈਵਰ ਦੀ ਪਛਾਣ ਮਲਕੀਅਤ ਖ਼ਾਨ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਉਰਫ ਜੀਤੀ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਟਰੱਕ ਦੀ ਪੂਰੀ ਚੈਕਿੰਗ ਕੀਤੀ ਗਈ ਜਿਸ ਤੋਂ ਬਾਅਦ ਪਲਾਸਟਿਕ ਦੇ ਥੈਲੇ ਹੇਠੋਂ ਪਈ 50 ਕਿੱਲੋ ਭੁੱਕੀ ਅਤੇ ਕੈਬਿਨ ਵਿਚ ਛੁਪਾਈ ਹੋਈ ਚਾਰ ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਵਾਂ ਟਰੱਕ ਚਾਲਕ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਲਜ਼ਮ ਖਿਲਾਫ ਜਲੰਧਰ ਕੈਂਟ ਥਾਣਾ ਵਿਖੇ ਧਾਰਾ 15, 18/61/85 ਐਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਧੰਦੇ ਵਿੱਚ ਸਨ ਅਤੇ ਇਹ ਖੇਪ ਇੱਕ ਨਿਰਧਾਰਤ ਜਗ੍ਹਾ ’ਤੇ ਰਾਸ਼ਟਰੀ ਰਾਜ ਮਾਰਗ’ ਤੇ ਕਿਸੇ ਵਿਅਕਤੀ ਦੇ ਹਵਾਲੇ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਚਿਤੌੜਗੜ (ਰਾਜਸਥਾਨ) ਤੋਂ ਨਸ਼ਿਆਂ ਦੀ ਖੇਪ ਲੈ ਕੇ ਆਉਂਦੇ ਸਨ ਅਤੇ ਪੰਜਾਬ ਵਿੱਚ ਸਪਲਾਈ ਕਰਦੇ ਸਨ।