ਜਲੰਧਰ: ਜਲੰਧਰ ਦੇ ਆਦਮਪੁਰ ਪੁਲਿਸ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਨਾਲ ਉਸ ਦੀ ਮੌਤ ਹੋ ਗਈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਦੋਸ਼ ਲਾਏ ਹਨ ਕਿ ਪੁਲਿਸ ਨੇ ਉਨ੍ਹਾਂ ਦੇ ਲੜਕੇ ਨਾਲ ਥਰਡ ਡੀਗਰੀ ਤਸ਼ੱਦਦ ਕੀਤਾ ਸੀ ਜਿਸ ਕਰਕੇ ਉਸਦੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਆਦਮਪੁਰ ਪੁਲਿਸ ਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਭਰਾ ਨਰੇਸ਼ ਕੁਮਾਰ ਪਿੰਡ ਲੇਸੜੀਵਾਲ ਆਦਮਪੁਰ ਤੋਂ 12 ਅਕਤੂਬਰ ਨੂੰ ਕੁੱਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ ਨਾਲ ਮਾਰਕੁੱਟ ਕੀਤੀ ਅਤੇ ਬਾਅਦ ਵਿੱਚ ਥਾਣਾ ਆਦਮਪੁਰ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਨੇ ਵੀ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਬਿਨ੍ਹਾਂ ਮੈਡੀਕਲ ਕਰਵਾਏ ਮ੍ਰਿਤਕ ਨੂੰ ਜੇਲ੍ਹ ਭੇਜ ਦਿੱਤਾ ਸੀ। ਹਾਲਤ ਖ਼ਰਾਬ ਹੋਣ 'ਤੇ ਪੁਲਿਸ ਨੇ ਨੌਜਵਾਨ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਉਸ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜਨ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਹੀ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਿਸ ਤੋਂ ਬਾਅਦ ਵੀਰਵਾਰ ਨੂੰ ਉਸ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲਿਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ 302 ਦਾ ਪਰਚਾ ਦਰਜ ਕੀਤਾ ਜਾਵੇ।