ਜਲੰਧਰ: ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਲੋਕ ਵਾਇਰਸ ਤੋਂ ਬਚਾਓ ਲਈ ਸਾਫ ਸਫ਼ਾਈ ਅਤੇ ਕਸਰਤ ਨੂੰ ਤਰਜੀਹ ਦੇ ਰਹੇ ਹਨ ਅਤੇ ਨਾਲ ਹੀ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹਰ ਸਲਾਹ ਮੰਨ ਰਹੇ ਹਨ। ਉੱਥੇ ਹੀ ਕੋਰੋਨਾ ਕਾਰਨ ਬੂਟੇ ਵੇਚਣ ਵਾਲਿਆਂ ਦਾ ਵੀ ਨੁਕਸਾਨ ਹੋਇਆ ਹੈ। ਨਰਸਰੀ ਮਾਲਕਾਂ ਦਾ ਕਹਿਣਾ ਹੈ ਕਿ ਤਾਲਾਬੰਦੀ ਕਾਰਨ ਦੂਸਰੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੂਟੇ ਖਰੀਦਣ ਲਈ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਸਰਕਾਰੀ ਹਦਾਇਤਾਂ ਕਾਰਨ ਲੋਕ ਉਨ੍ਹਾਂ ਕੋਲ ਪੌਦੇ ਲੈਣ ਵੀ ਨਹੀਂ ਆ ਰਹੇ।
ਕਸਬਾ ਕਰਤਾਰਪੁਰ ਵਿੱਚ ਪੈਂਦੇ ਰੇਸ਼ਮਾ ਆਯੁਰਵੈਦਿਕ ਨਰਸਰੀ ਦੇ ਮਾਲਕ ਸੁਰਿੰਦਰ ਸਿੰਘ ਨਾਗਰਾ ਪਿਛਲੇ ਕਈ ਸਾਲਾਂ ਤੋਂ ਪੇੜ-ਪੌਦਿਆਂ ਨਾਲ ਬਣਨ ਵਾਲੀਆਂ ਦਵਾਈਆਂ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੂਟੇ ਵੇਚਕੇ ਆਪਣਾ ਗੁਜ਼ਾਰਾ ਕਰ ਰਹੇ ਸਨ ਪਰ ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਨੇ ਉਨ੍ਹਾਂ ਦਾ ਕੰਮ ਠੱਪ ਕਰ ਦਿੱਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਸ਼ਹਿਰਾਂ ਦੇ ਲੋਕ ਪੇੜ ਪੌਦੇ ਲੈਣ ਆ ਜਾਂਦੇ ਹਨ ਪਰ ਹੋਰ ਸੂਬਿਆਂ ਤੋਂ ਬੂਟੇ ਲੈਣ ਆਉਂਦੇ ਲੋਕਾਂ ਨੂੰ ਬੇਹੱਦ ਮੁਸ਼ਕਿਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਾਡੇ ਕੋਲ ਪੇੜ ਪੌਦਿਆਂ ਤੋਂ ਬਣਨ ਵਾਲੀਆਂ ਦਵਾਈਆਂ ਲਈ ਪੌਦੇ ਲੈਣ ਆਉਂਦੇ ਸਨ ਪਰ ਉਹ ਲੋਕ ਵੀ ਹੁਣ ਘੱਟ ਗਏ ਹਨ।