ਜਲੰਧਰ: ਅੱਖਾਂ 'ਚ ਸੁਪਨੇ ਅਤੇ ਉਨ੍ਹਾਂ ਸੁਪਨਿਆਂ ਨੂੰ ਸੱਚ ਕਰਨ ਦਾ ਹੌਸਲਾ ਜੇ ਹੋਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਉਨ੍ਹਾਂ ਨੂੰ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ। ਪੰਜਾਬ ਦਾ ਜਲੰਧਰ ਸ਼ਹਿਰ ਦੇਸ਼ ਦਾ ਇਕ ਅਜਿਹਾ ਸ਼ਹਿਰ ਹੈ ਜਿਸ ਨੇ ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਖਿਡਾਰੀ ਦਿੱਤੇ ਹਨ।
ਇੱਥੋ ਤੱਕ ਕਿ ਜਲੰਧਰ ਦਾ ਸੰਸਾਰਪੁਰ ਪਿੰਡ ਇਕ ਅਜਿਹਾ ਪਿੰਡ ਹੈ ਜਿਸ ਨੇ ਭਾਰਤੀ ਹਾਕੀ ਟੀਮ 'ਚ ਖੇਡਣ ਵਾਲੇ 14 ਓਲੰਪੀਅਨ ਦਿੱਤੇ ਹਨ। ਇਸ ਦੇ ਨਾਲ ਹੀ ਜਲੰਧਰ ਦਾ ਮਿੱਠਾਪੁਰ ਇਲਾਕਾ ਜਿੱਥੇ ਇਸ ਵੇਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਸਮੇਤ ਤਿੰਨ ਖਿਡਾਰੀ ਅਜਿਹੇ ਹਨ ਜਿਨ੍ਹਾਂ ਦਾ ਜਨਮ ਇੱਥੇ ਹੋਇਆ ਹੈ। ਭਾਰਤੀ ਹਾਕੀ ਦੀ ਲੜੀ ਜਲੰਧਰ 'ਚ ਇੱਥੇ ਹੀ ਖ਼ਤਮ ਨਹੀਂ ਹੋਈ ਬਲਕਿ ਹੁਣ ਇਸ ਦੇ ਸਿਤਾਰੇ ਜਲੰਧਰ ਦੇ ਹੋਰ ਵੱਖ-ਵੱਖ ਪਿੰਡਾਂ 'ਚ ਵੀ ਚਮਕ ਰਹੇ ਹਨ।
ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਮਿਲੀ ਪੰਜਾਬ ਦੀ ਉਪਕਪਤਾਨੀ: ਹੁਣ ਇਹ ਮਾਣ ਜਲੰਧਰ ਜ਼ਿਲ੍ਹੇ ਦੇ ਜੈਤੇਵਾਲੀ ਪਿੰਡ ਨੂੰ ਨਸੀਬ ਹੋਇਆ ਹੈ ਜਿੱਥੋਂ ਦੀ 16 ਸਾਲ ਦੀ ਬੇਟੀ ਹਰਜੋਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਵੱਲ ਆਪਣੇ ਕਦਮ ਵਧਾ ਰਹੀ ਹੈ। ਹਰਜੋਤ ਕੌਰ ਨੂੰ ਇਸ ਵਾਰ ਮਣੀਪੁਰ ਦੇ ਇੰਫਾਲ ਸ਼ਹਿਰ 'ਚ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਖੇ ਪੰਜਾਬ ਦੀ ਟੀਮ ਦੀ ਉਪ ਕਪਤਾਨੀ ਸੌਂਪੀ ਗਈ ਹੈ।
ਪਰਿਵਾਰ 'ਚ ਖੁਸ਼ੀ ਦੀ ਲਹਿਰ : ਹਰਜੋਤ ਕੌਰ ਦੀ ਇਸ ਉਪਲੱਬਧੀ 'ਤੇ ਉਸ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਆਪਣੇ ਇਸ ਟੂਰਨਾਮੈਂਟ ਲਈ ਹਰਜੋਤ ਕੌਰ ਆਪਣੇ ਅਗਲੇ ਕੈਂਪ ਲਈ ਬਠਿੰਡਾ ਰਵਾਨਾ ਹੋ ਗਈ। ਹਰਜੋਤ ਕੌਰ ਦੇ ਪਰਿਵਾਰ ਵਿੱਚ ਸਭ ਤੋਂ ਜ਼ਿਆਦਾ ਖੁਸ਼ੀ ਉਸ ਦੇ ਦਾਦਾ ਜੀ ਕਰਨੈਲ ਸਿੰਘ ਨੂੰ ਹੈ ਜਿਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਪੋਤੇ ਪੋਤੀਆਂ ਪੰਜਾਬ ਦੀਆਂ ਖੇਡਾਂ ਵਿੱਚ ਸ਼ਾਮਿਲ ਹੋ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ।
ਕਰਨੈਲ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਸ਼ੌਕ ਸੀ ਕਿ ਉਨ੍ਹਾਂ ਦੇ ਪੋਤੇ ਪੋਤੀਆਂ ਖੇਡਾਂ 'ਚ ਪੈਸਾ ਲੈਣ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਉਨ੍ਹਾਂ ਕਿਹਾ ਕਿ ਛੋਟੇ ਹੁੰਦਿਆਂ ਤੋਂ ਹੀ ਉਹ ਆਪਣੇ ਬੇਟੇ ਸੁਰਿੰਦਰ ਸਿੰਘ ਨੂੰ ਕਹਿੰਦੇ ਸੀ ਕਿ ਉਨ੍ਹਾਂ ਦੇ ਬੱਚਿਆਂ ਦੀ ਦੌੜ ਬਹੁਤ ਵਧੀਆ ਹੈ। ਉਨ੍ਹਾਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ ਜਾਵੇ।
ਦਾਦੇ ਦਾ ਸੁਪਨਾ ਹੋਇਆ ਪੂਰਾ: ਅੱਜ ਉਨ੍ਹਾਂ ਦੀ ਇਸ ਸੋਚ ਅਤੇ ਹਰਜੋਤ ਕੌਰ ਦੀ ਮਿਹਨਤ ਰੰਗ ਲਿਆਈ ਹੈ ਜਿਸ ਕਰਕੇ ਹਰਜੋਤ ਕੌਰ ਪੰਜਾਬ ਸਬ ਜੂਨੀਅਰ ਟੀਮ ਦਾ ਉਪ ਕਪਤਾਨ ਬਣਾਇਆ ਗਿਆ। ਕਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਫਖ਼ਰ ਹੈ ਕਿ ਉਨ੍ਹਾਂ ਦੀ ਪੋਤੀ ਹਰਜੋਤ ਕੌਰ ਪੰਜਾਬ ਟੀਮ ਦੀ ਕਪਤਾਨ ਬਣੀ ਹੈ। ਹੁਣ ਉਹ ਚਾਹੁੰਦੇ ਨੇ ਕਿ ਇਸੇ ਤਰ੍ਹਾਂ ਉਨ੍ਹਾਂ ਦੀ ਪੋਤੀ ਹਾਕੀ ਵਿੱਚ ਅੱਗੇ ਵਧੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ।
ਪਿਤਾ ਨੂੰ ਹਰਜੋਤ ਤੋਂ ਬਹੁਤ ਉਮੀਦਾਂ: ਉੱਧਰ ਹਰਜੀਤ ਦੇ ਪਿਤਾ ਸ਼ਮਿੰਦਰ ਸਿੰਘ ਕੀ ਕਹਿੰਦੇ ਹਨ ਕਿ ਇਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਹਰਜੋਤ ਕੌਰ ਅਜੇ ਪੰਜਾਬ ਸਬ ਜੂਨੀਅਰ ਟੀਮ ਦੀ ਉਪ ਕਪਤਾਨ ਬਣੀ ਹੈ ਪਰ ਹੁਣ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਰਜੋਤ ਕੌਰ ਹੋਰ ਅੱਗੇ ਜਾਏਗੀ ਅਤੇ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਵੀ ਬਣੇਗੀ।
ਉਧਰ ਖੁਦ ਹਰਜੋਤ ਕੌਰ ਕਹਿੰਦੀ ਹੈ ਬਚਪਨ ਤੋਂ ਹੀ ਉਹ ਤੇ ਉਸਦਾ ਛੋਟਾ ਭਰਾ ਆਪਣੇ ਘਰ ਦੀ ਛੱਤ ਉੱਪਰ ਹਾਕੀ ਖੇਡਦੇ ਸਨ ਜਿੱਥੋਂ ਉਹਨੂੰ ਹਾਕੀ ਖੇਡਣ ਦਾ ਸ਼ੌਕ ਪੈਦਾ ਹੋਇਆ। ਹਰਜੋਤ ਕੌਰ ਕਹਿੰਦੀ ਹੈ ਕਿ ਜਦ ਉਹ ਇਸ ਵਾਰ ਓਲੰਪਿਕ 'ਚ ਮਹਿਲਾ ਹਾਕੀ ਟੀਮ ਨੂੰ ਖੇਡਦੇ ਹੋਏ ਦੇਖਦੀ ਸੀ ਉਸ ਨੂੰ ਵੀ ਇਸ ਗੱਲ ਦਾ ਚਾਅ ਸੀ ਕਿ ਉਹ ਵੀ ਕਿਸੇ ਦਿਨ ਇਸੇ ਤਰ੍ਹਾਂ ਓਲੰਪਿਕ ਭਾਰਤ ਦੇ ਮੈਦਾਨਾਂ 'ਚ ਭਾਰਤੀ ਹਾਕੀ ਟੀਮ ਵੱਲੋਂ ਹਾਕੀ ਖੇਡੀ।
ਪੰਜਾਬ ਟੀਮ ਦੀ ਉਪ ਕਪਤਾਨ ਬਣਨ ਉਹ ਆਪਣੇ ਦਾਦਾ ਕਰਨੈਲ ਸਿੰਘ ਮਾਤਾ ਪਿਤਾ ਅਤੇ ਆਪਣੇ ਕੋਚ ਰਾਜਿੰਦਰ ਸਿੰਘ ਦੀ ਧੰਨਵਾਦੀ ਹੈ। ਉਸ ਦਾ ਕਹਿਣਾ ਹੈ ਕਿ ਅੱਜ ਇਨ੍ਹਾਂ ਲੋਕਾਂ ਦੀ ਪ੍ਰੇਰਨਾ ਅਤੇ ਗਾਈਡੈਂਸ ਨਾਲ ਉਹ ਇੱਥੇ ਤੱਕ ਪਹੁੰਚੀ ਹੈ।
ਇਹ ਵੀ ਪੜ੍ਹੋ:- ਦਿੱਲੀ ਹਿੰਸਾ ਦੀ ਸਾਜ਼ਿਸ਼ ਰਚਣ ਵਾਲੇ ਮੁਲਜ਼ਮ ਉਮਰ ਖ਼ਾਲਿਦ ਦੀ ਜਮਾਨਤ ਪਟੀਸ਼ਨ 'ਤੇ ਸੁਣਵਾਈ ਰੱਦ