ਜਲੰਧਰ: ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਨਾਲ ਹੀ ਇਸ ਮਹਾਂਮਾਰੀ 'ਚ ਕਈ ਥਾਵਾਂ 'ਤੇ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਟੁੱਟਦੀਆਂ ਵੀ ਨਜ਼ਰ ਆਈਆਂ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਪਿੰਡ ਲਾਂਬੜਾ ਤੋਂ ਸਾਹਮਣੇ ਆਇਆ ਹੈ। ਜਿਥੇ ਕਿਰਾਏਦਾਰ ਦੇ ਕੋਰੋਨਾ ਪੌਜ਼ੀਟਿਵ ਆਉਣ 'ਤੇ ਘਰ ਦੇ ਮਾਲਿਕ ਵਲੋਂ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜਮਸ਼ੇਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕੋਰੋਨਾ ਪੌਜ਼ੀਟਿਵ ਮਰੀਜ਼ ਜਮਸ਼ੇਰ ਬੱਸ ਅੱਡੇ 'ਤੇ ਖੜਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵਲੋਂ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀ ਟੀਮ ਦੀ ਮਦਦ ਨਾਲ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿਥੇ ਉਸ ਦੀ ਹਾਲਤ ਠੀਕ ਹੈ।
ਇਸ ਸਬੰਧੀ ਤਹਿਸੀਲਦਾਰ ਦਾ ਕਹਿਣਾ ਕਿ ਉਕਤ ਕੋਰੋਨਾ ਪੌਜ਼ੀਟਿਵ ਮਰੀਜ਼ ਸ਼ਾਹਕੋਟ ਦਾ ਰਹਿਣ ਵਾਲਾ ਹੈ ਅਤੇ ਇਥੇ ਕਿਰਾਏ ਦੇ ਮਕਾਨ 'ਤੇ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਕਾਨ ਮਾਲਿਕ ਵਲੋਂ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਉਕਤ ਵਿਅਕਤੀ ਨੂੰ ਘਰੋਂ ਕੱਢ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ ਦੀ ਹਾਲਤ ਠੀਕ ਹੈ, ਜਿਸ ਨੂੰ ਐਂਬੂਲੈਂਸ ਰਾਹੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।