ਜਲੰਧਰ: ਤਮਾਮ ਕਿਆਸਰਾਈਆਂ ਵਿਚਕਾਰ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਤੋਂ ਸੁਸ਼ੀਲ ਕੁਮਾਰ ਰਿੰਕੂ ਦਾ ਪੱਤਾ ਕੱਟ ਗਿਆ ਹੈ । ਜਲੰਧਰ ਵੈਸਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਨਾਲ ਨਾਤਾ ਟੁੱਟਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਸੁਸ਼ੀਲ ਰਿੰਕੂ ਨੂੰ ਸੀਐੱਮ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿਦ ਕੇਜਰੀਵਾਲ ਨੇ ਖੁੱਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਹੈ। ਇਸ ਤੋਂ ਇਲਾਵਾ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਇਹ ਵੀ ਹੈ ਕਿ ਸੁਸ਼ੀਲ ਰਿੰਕੂ ਜਲੰਧਰ ਜ਼ਿਮਨੀ ਚੋਣ ਵਿੱਚ 'ਆਪ' ਦੇ ਉਮੀਦਵਾਰ ਵੀ ਹੋ ਸਕਦੇ ਹਨ।
ਕਾਂਗਰਸ 'ਚੋਂ ਕੱਟਿਆ ਗਿਆ ਪੱਤਾ: ਦੱਸ ਦਈਏ ਇਸ ਤੋਂ ਪਹਿਲਾਂ ਅੱਜ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਸੁਸ਼ੀਲ ਰਿੰਕੂ ਨੂੰ ਕਾਂਗਰਸ ਵਿੱਚੋਂ ਆਊਟ ਕਰਨ ਸਬੰਧੀ ਲੈਟਰ ਕਾਂਗਰਸ ਹਾਈਕਮਾਂਡ ਨੂੰ ਭੇਜੀ ਸੀ। ਹੁਣ ਇਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਜ਼ਿਆਦਾ ਦੇਰ ਨਾ ਕਰਦਿਆਂ ਆਮ ਆਦਮੀ ਦਾ ਪੱਲਾ ਫੜ੍ਹ ਲਿਆ ਹੈ। ਦੱਸ ਦਈਏ ਸੁਸ਼ੀਲ ਕੁਮਾਰ ਰਿੰਕੂ ਨੂੰ ਇਸ ਵਾਰ ਆਪ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਹੀ ਜਲੰਧਰ ਵੈਸਟ ਤੋਂ ਵੱਡੇ ਫਰਕ ਨਾਲ ਵਿਧਾਨ ਸਭਾ ਚੋਣਾਂ ਵਿੱਚ ਮਾਤ ਮਿਲੀ ਸੀ। ਸੁਸ਼ੀਲ ਰਿੰਕੂ ਪਿਛਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਬੰਧੀ ਬਹੁਤ ਸਾਰੇ ਤੰਜ ਕੱਸਦੇ ਰਹੇ ਨੇ ਅਤੇ ਕੱਟੜ ਵਿਰੋਧੀਆਂ ਵਿੱਚੋਂ ਵੀ ਇੱਕ ਰਹੇ ਨੇ। ਅਜਿਹੇ ਵਿੱਚ ਹੁਣ ਸੁਸ਼ੀਲ ਕੁਮਾਰ ਰਿੰਕੂ ਆਪ ਨਾਲ ਨਵੀਂ ਪਾਰੀ ਦਾ ਆਗਾਜ਼ ਕਿੰਨਾ ਵਧੀਆ ਅਤੇ ਸ਼ਾਨਦਾਰ ਕਰਦੇ ਨੇ ਇਸ ਉੱਤੇ ਸਭ ਦੀ ਨਜ਼ਰ ਰਹੇਗੀ।
ਪਿਛਲੇ ਸਮੀਕਰਣ: ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਜਲੰਧਰ ਪੱਛਮੀ ਸੀਟ ’ਤੇ 73.02 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਵਿਧਾਇਕ ਚੁਣੇ ਗਏ ਸਨ। ਸੁਸ਼ੀਲ ਕੁਮਾਰ ਰਿੰਕੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰਪਾਲ ਭਗਤ ਨੂੰ ਹਰਾਇਆ ਸੀ। ਜਦੋਂ ਕਿ ਆਮ ਆਦਮੀ ਪਾਰਟੀ ਦੇ ਦਹਸ਼ਨ ਲਾਲ ਭਗਤ ਤੀਜੇ ਸਥਾਨ ’ਤੇ ਰਹੇ ਸੀ। ਇਸ ਦੌਰਾਨ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 53983 ਪਈਆਂ ਸੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਮਹਿੰਦਰਪਾਲ ਭਗਤ ਨੂੰ 36649 ਵੋਟਾਂ ਪਈਆਂ ਸਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਰਸ਼ਨ ਲਾਲ ਭਗਤ ਨੂੰ 15364 ਵੋਟਾਂ ਪਈਆਂ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ 'ਤੇ ਕਾਂਗਰਸ ਨੂੰ ਸਭ ਤੋਂ ਵੱਧ 49.33 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂ ਕਿ ਅਕਾਲੀ-ਭਾਜਪਾ ਗਠਜੋੜ ਦਾ ਵੋਟ ਸ਼ੇਅਰ 33.49 ਰਿਹਾ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 14.04 ਰਿਹਾ ਸੀ।
ਇਹ ਵੀ ਪੜ੍ਹੋ: ਮੌੜ ਟਰੱਕ ਯੂਨੀਅਨ ਉੱਤੇ ਕਬਜ਼ੇ ਨੂੰ ਲੈ ਕੇ ਚੱਲੇ ਇੱਟਾਂ-ਰੋੜੇ, ਟਰੱਕ ਓਪਰੇਟਰਾਂ ਨੇ ਸਥਾਨਕ ਵਿਧਾਇਕ 'ਤੇ ਲਾਏ ਗੰਭੀਰ ਇਲਜ਼ਾਮ