ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਜਲੰਧਰ ਵਿਖੇ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਉਨ੍ਹਾਂ ਸਿਰਫ 127 ਕਿਸਾਨਾਂ ਨੂੰ ਚੈਕ ਵੰਡ ਕੇ ਸਸਤੀ ਸ਼ੋਹਰਤ ਹਾਸਲ ਕਰਨ ਦਾ ਯਤਨ ਕੀਤਾ ਹੈ।
ਕੁਝ ਕੁ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਸਰਕਾਰ ਕਰ ਰਹੀ ਡਰਾਮੇ : ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਵੀ ਦੋ ਵਾਰ ਕਿਸਾਨਾਂ ਨੂੰ ਖਰਾਬ ਮੌਸਮ ਕਾਰਨ ਅਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਝੋਨੇ ਅਤੇ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਜਦੋਂ ਕਿਸਾਨਾਂ ਨੂੰ ਭਾਰੀ ਬਰਸਾਤਾਂ ਦੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਝੱਲਣਾ ਪਿਆ ਹੈ ਤਾਂ ਮੁੱਖ ਮੰਤਰੀ ਸਿਰਫ ਕੁਝ ਕਿਸਾਨਾਂ ਨਾਲ ਮੁਆਵਜ਼ਾ ਦੇਣ ਦੀਆਂ ਤਸਵੀਰਾਂ ਖਿੱਚਵਾ ਕੇ ਡਰਾਮਾ ਕਰ ਰਹੇ ਹਨ, ਜਦਕਿ ਲੱਖਾਂ ਕਿਸਾਨ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ।
ਕੇਜਰੀਵਾਲ ਨੇ ਠੇਕੇਦਾਰਾਂ ਨਾਲ ਰਲ ਕੇ ਦਿੱਲੀ ਵਿਚ ਪੈਸਾ ਲੁੱਟਿਆ : ਇਥੇ ਪਾਰਟੀ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਅਕਾਲੀ ਦਲ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਬਾਦਲ ਨੇ ਸੀਬੀਆਈ ਵੱਲੋਂ ਦਿੱਲੀ ਆਬਕਾਰੀ ਘੁਟਾਲੇ ਵਿਚ ਪੁੱਛਗਿੱਛ ਲਈ ਬੁਲਾਏ ਜਾਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਆਪ ਨੂੰ ਇਕੱਲਾ ਇਮਾਨਦਾਰ ਹੋਣ ਦਾ ਦਾਅਵਾ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਨਾ ਸਿਰਫ ਸ਼ਰਾਬ ਦੇ ਠੇਕੇਦਾਰਾਂ ਨਾਲ ਰਲ ਕੇ ਦਿੱਲੀ ਵਿਚ ਪੈਸਾ ਲੁੱਟਿਆ ਹੈ ਬਲਕਿ ਪੰਜਾਬ ਵਿਚ ਵੀ ਉਹਨਾਂ ਹੀ ਠੇਕੇਦਾਰਾਂ ਨੂੰ ਸਾਰਾ ਸ਼ਰਾਬ ਕਾਰੋਬਾਰ ਸੌਂਪ ਦਿੱਤਾ। ਉਹਨਾਂ ਕਿਹਾਕਿ ਪੰਜਾਬ ਵਿਚ ਇਹ ਲੁੱਟ ਜੋ 700 ਕਰੋੜ ਰੁਪਏ ਤੋਂ ਜ਼ਿਆਦਾ ਬਣਦੀਹੈ, ਦਿੱਲੀ ਦੇ ਆਬਕਾਰੀ ਘੁਟਾਲੇ ਨਾਲੋਂ ਵੱਡੀ ਹੈ ਤੇ ਇਸਦੀ ਦਿੱਲੀ ਦੀ ਤਰਜ ’ਤੇ ਜਾਂਚ ਹੋਣੀ ਚਾਹੀਦੀ ਹੈ।
ਚੰਨੀ ਨੇ ਵਹਾਏ ਮਗਰਮੱਛ ਦੇ ਹੰਝੂ : ਬਾਦਲ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭ੍ਰਿਸ਼ਟਾਚਾਰ ਲਈ ਪੁੱਛਗਿੱਛ ਕੀਤੇ ਜਾਣ ’ਤੇ ਮਗਰਮੱਛ ਦੇ ਹੰਝੂ ਵਹਾਉਣ ਅਤੇ ਉਨ੍ਹਾਂ ਦੇ ਨਾਂ ’ਤੇ ਕੋਈ ਜ਼ਮੀਨ ਨਾ ਹੋਣ ਦਾ ਦਾਅਵਾ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਜਿਹੀ ਡਰਾਮੇਬਾਜ਼ੀ ਚੰਨੀ ਜਾਂ ਕਾਂਗਰਸ ਪਾਰਟੀ ਨੂੰ ਕੋਈ ਲਾਭ ਨਹੀਂ ਮਿਲੇਗਾ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀ ਜਾਣਦੇ ਹਨ ਕਿ ਸਿਰਫ ਤਿੰਨ ਮਹੀਨਿਆਂ ਲਈ ਹੀ ਮੁੱਖ ਮੰਤਰੀ ਹੁੰਦਿਆਂ ਚਰਨਜੀਤ ਸਿੰਘ ਚੰਨੀ ਨੇ ਰਿਕਾਰਡ ਭ੍ਰਿਸ਼ਟਾਚਾਰ ਕੀਤਾ। ਉਹਨਾਂ ਕਿਹਾ ਕਿ ਚੰਨੀ ਨੇ ਰਾਜ ਵਿਚ ਨਾ ਸਿਰਫ ਰੇਤ ਮਾਫੀਆ ਦੀ ਪੁਸ਼ਤ ਪਨਾਹੀ ਕੀਤੀ ਬਲਕਿ ਗੈਰ ਕਾਨੂੰਨੀ ਕਲੌਨੀਆਂ ਪਿੱਛੇ ਵੀ ਉਹਨਾਂ ਦਾ ਹੱਥ ਸੀ।
ਇਹ ਵੀ ਪੜ੍ਹੋ : Ludhiana Police Action: ਮਨੀ ਐਕਸਚੇਂਜਰ ਦੇ ਕਤਲ ਮਾਮਲੇ ਪੁਲਿਸ ਦੀ ਵੱਡੀ ਕਾਰਵਾਈ, ਇਕ ਔਰਤ ਸਣੇ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ
ਜ਼ਿਮਨੀ ਚੋਣ ਵਿੱਚ ਇਤਿਹਾਸ ਸਿਰਜੇਗੀ ਪਾਰਟੀ : ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਇਤਿਹਾਸ ਸਿਰਜੇਗੀ। ਉਹਨਾਂ ਕਿਹਾ ਕਿ ਪੰਜਾਬੀ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰੀ ਆਪ ਸਰਕਾਰ ਨੂੰ ਸਬਕ ਸਿਖਾਉਣਗੇ ਕਿਉਂਕਿ ਇਹ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਫੇਲ੍ਹ ਰਹਿਣ ਤੇ ਫਿਰਕੂ ਟਕਰਾਅ ਪੈਦਾ ਕਰਨ ਕਾਰਨ ਸੂਬੇ ਵਿਚ ਹਫੜਾ ਦਫੜੀ ਵਾਲਾ ਮਾਹੌਲ ਬਣਾ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਡਟਿਆ ਹੈ ਤੇ ਇਸਦੀ ਸਰਕਾਰ ਸਮੇਂ ਰਿਕਾਰਡ ਵਿਕਾਸ ਲਈ ਇਹੀ ਆਧਾਰ ਸੀ। ਉਹਨਾਂ ਕਿਹਾ ਕਿ ਅੱਜ ਅਸੀਂ ਵੇਖ ਰਹੇ ਹਾਂ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਦਯੋਗ ਬਾਹਰ ਜਾ ਰਿਹਾਹੈ ਤੇ ਬੇਰੋਜ਼ਗਾਰੀ ਵੱਧ ਰਹੀ ਹੈ।