ਜਲੰਧਰ: ਕੋਰੋਨਾ ਮਹਾਂਮਾਰੀ ਕਰਕੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਕਾਲਜ ਵੱਲੋਂ ਬੱਚਿਆਂ ਨੂੰ ਫੀਸਾਂ ਜਮਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਇਸੇ ਗੱਲ ਨੂੰ ਲੈ ਕੇ ਐਚ.ਐਮ.ਵੀ. ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿਥੇ ਕਾਲਜ ਕੋਰੋਨਾ ਮਹਾਂਮਾਰੀ ਕਰਕੇ ਬੰਦ ਕੀਤੇ ਹਨ ਅਤੇ ਸਾਡੀ ਪੜ੍ਹਾਈ ਵੀ ਨਹੀਂ ਹੋ ਰਹੀ। ਅਜਿਹੇ ਵਿੱਚ ਕਾਲਜ ਵੱਲੋਂ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ। ਬੱਚਿਆਂ ਦਾ ਕਹਿਣਾ ਹੈ ਕਿ ਅਸੀਂ ਅਜੇ ਫੀਸਾਂ ਦੇਣ ਵਿੱਚ ਅਸਮਰਥ ਹਾਂ।
ਧਰਨੇ 'ਤੇ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਬਲਵਿੰਦਰ ਰਲ ਦਾ ਕਹਿਣਾ ਹੈ ਕਿ ਜੇਕਰ ਬੱਚੇ ਯੂਨੀਵਰਸਿਟੀ ਫ਼ੀਸ ਨਹੀਂ ਦੇਣਗੇ ਤਾਂ ਸੀਟ ਕਿਵੇਂ ਕਨਫ਼ਰਮ ਹੋਵੇਗੀ ਕਿ ਦਾਖ਼ਲਾ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐਸਐਚਓ ਤੇਜਿੰਦਰ ਸ਼ਰਮਾ ਵੱਲੋਂ 50 ਹਜ਼ਾਰ ਰੁਪਏ ਬੱਚਿਆਂ ਦੀ ਮਦਦ ਲਈ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਆਪਣੀ ਫੀਸ ਦੇਣ ਤੋਂ ਅਸਮਰੱਥ ਹਨ, ਸਿਰਫ ਉਹੀ ਬੱਚੇ ਆਪਣਾ ਨਾਂਅ ਦੇਣ ਤਾਂ ਜੋ ਉਨ੍ਹਾਂ ਬੱਚਿਆਂ ਦਾ ਦਾਖ਼ਲਾ ਹੋ ਸਕੇ।