ਜਲੰਧਰ: ਭਾਰਤ ਪਾਕਿਸਤਾਨ ਵਿਚਕਾਰ ਹੋਈ ਕਾਰਗਿਲ ਦੀ ਜੰਗ ਵਿੱਚ ਜਿੱਥੇ ਕਈ ਫੌਜੀ ਅਫਸਰਾਂ ਅਤੇ ਜਵਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਅਤੇ ਬਹੁਤ ਸਾਰੇ ਜ਼ਖ਼ਮੀ ਹੋਏ। ਕਾਰਗਿਲ ਦੀ ਇਸ ਲੜਾਈ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਜਿੱਥੇ ਇਸ ਲੜਾਈ ਦੀ ਜਿੱਤ 'ਤੇ ਬੇਹੱਦ ਖੁਸ਼ ਨਜ਼ਰ ਆਉਂਦੇ ਹਨ। ਉਸ ਦੇ ਨਾਲ ਹੀ ਆਪਣੇ ਸੀਨੀਅਰਜ਼ ਅਤੇ ਰਾਜਨੀਤਿਕ ਲੋਕਾਂ ਵੱਲੋਂ ਕੀਤੀ ਗਈ ਗਲਤੀ ਤੋਂ ਥੋੜ੍ਹੇ ਨਿਰਾਸ਼ ਵੀ ਨਜ਼ਰ ਆਉਂਦੇ ਹਨ।
ਟਾਈਗਰ ਹਿੱਲ 'ਤੇ ਕਬਜ਼ੇ ਦੀ ਜਾਣਕਾਰੀ ਲੀਕ ਹੋਣ ਕਾਰਨ ਹੋਇਆ ਨੁਕਾਸਨ
ਕਾਰਗਿਲ ਦੀ ਲੜਾਈ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਦੱਸਿਆ ਕਿ 4 ਜੁਲਾਈ ਨੂੰ ਸਵੇਰੇ ਸਾਢੇ ਚਾਰ ਵਜੇ ਜਦੋਂ ਉਨ੍ਹਾਂ ਦੀ ਪਾਰਟੀ ਵੱਲੋਂ ਟਾਈਗਰ ਹਿੱਲ 'ਤੇ ਕਬਜ਼ਾ ਕਰ ਲਿਆ ਗਿਆ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਆਪਣੇ ਜੀਓਸੀ ਜਨਰਲ ਮਹਿੰਦਰ ਪੁਰੀ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਅਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਹਾਲੇ ਉਹ ਇਸ ਗੱਲ ਦੀ ਜਾਣਕਾਰੀ ਅੱਗੇ ਨਾ ਦੇਣ ਤਾਂ ਕਿ ਉਨ੍ਹਾਂ ਦੀ ਟੀਮ ਸਹੀ ਢੰਗ ਨਾਲ ਉਸ ਜਗ੍ਹਾ 'ਤੇ ਸੈਟਲ ਹੋ ਸਕੇ।
ਲੇਕਿਨ ਜੀਓਸੀ ਵੱਲੋਂ ਇਸ ਗੱਲ ਦੀ ਜਾਣਕਾਰੀ ਫੌਰਨ ਕੋਰ ਕਮਾਂਡਰ ਨੂੰ ਦੇ ਦਿੱਤੀ ਗਈ ਅਤੇ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਆਰਮੀ ਕਮਾਂਡਰ ਨੂੰ ਦੇ ਦਿੱਤੀ। ਆਰਮੀ ਚੀਫ ਵੱਲੋਂ ਇਸ ਗੱਲ ਦੀ ਜਾਣਕਾਰੀ ਉਸ ਵੇਲੇ ਦੇ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨੂੰ ਦਿੱਤੀ ਗਈ ਅਤੇ ਜਾਰਜ ਫਰਨਾਂਡਿਸ ਨੇ ਜਦੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਤਾਂ ਉਹ ਹਰਿਆਣਾ ਵਿੱਚ ਇੱਕ ਜਗ੍ਹਾ 'ਤੇ ਪਬਲਿਕ ਮੀਟਿੰਗ ਕਰ ਰਹੇ ਸੀ ਅਤੇ ਉਨ੍ਹਾਂ ਨੇ ਉਸ ਮੀਟਿੰਗ ਦੌਰਾਨ ਹੀ ਐਲਾਨ ਕਰ ਦਿੱਤਾ ਕਿ ਭਾਰਤੀ ਫ਼ੌਜ ਵੱਲੋਂ ਟਾਈਗਰ ਹਿੱਲ 'ਤੇ ਕਬਜ਼ਾ ਕਰ ਲਿਆ ਗਿਆ ਹੈ।
ਕਬਜ਼ੇ ਦੀ ਜਾਣਕਾਰੀ ਲੀਕ ਹੋਣ ਕਾਰਨ ਲੜਾਈ ਚੱਲੀ ਸੀ ਲੰਮੀ
ਬਾਜਵਾ ਕਹਿੰਦੇ ਹਨ ਕਿ ਇਸ ਗੱਲ ਦਾ ਨੁਕਸਾਨ ਇਹ ਹੋਇਆ ਕਿ ਉਸੇ ਵੇਲੇ ਇਹ ਖ਼ਬਰਾਂ ਮੀਡੀਆ ਵਿੱਚ ਚੱਲਣ ਨਾਲ ਪਾਕਿਸਤਾਨ ਵਿੱਚ ਖਲਬਲੀ ਮੱਚ ਗਈ, ਜਿਸ ਤੋਂ ਬਾਅਦ ਨਵਾਜ਼ ਸ਼ਰੀਫ ਨੇ ਜਨਰਲ ਮੁਸ਼ੱਰਫ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਦੇਣ ਲਈ ਕਿਹਾ। ਜਨਰਲ ਮੁਸ਼ੱਰਫ ਨੂੰ ਜਦੋਂ ਇਹ ਗੱਲ ਸਾਫ਼ ਹੋ ਗਈ ਕੇ ਟਾਈਗਰ ਹਿੱਲ 'ਤੇ ਭਾਰਤੀ ਫੌਜ ਦਾ ਕਬਜ਼ਾ ਹੋ ਗਿਆ ਹੈ ਤਾਂ ਉਨ੍ਹਾਂ ਨੇ ਫੌਰਨ ਆਪਣੀ ਫੌਜ ਨੂੰ ਕਾਊਂਟਰ ਅਟੈਕ ਦੇ ਹੁਕਮ ਦੇ ਦਿੱਤੇ। ਇਹੀ ਕਾਰਨ ਸੀ ਕਿ ਜੋ ਲੜਾਈ ਕਈ ਦਿਨ ਪਹਿਲੇ ਖ਼ਤਮ ਹੋ ਜਾਣੀ ਸੀ। ਉਸ ਨੂੰ ਹੋਰ ਲੰਮਾ ਖਿੱਚਣਾ ਪਿਆ।
ਜੇਕਰ ਜੀਓਸੀ ਜਾਣਕਾਰੀ ਅੱਗੇ ਨਾਂ ਦਿੰਦੇ ਤਾਂ ਜੰਗ ਪਹਿਲਾਂ ਹੋਣੀ ਜਾਣੀ ਸੀ ਖ਼ਤਮ
ਬ੍ਰਿਗੇਡੀਅਰ ਬਾਜਵਾ ਕਹਿੰਦੇ ਹਨ ਕਿ ਜੇ ਉਸ ਵੇਲੇ ਉਨ੍ਹਾਂ ਦੇ ਜੀਓਸੀ ਇਸ ਗੱਲ ਦੀ ਜਾਣਕਾਰੀ ਅੱਗੇ ਨਾ ਦਿੰਦੇ ਤਾਂ ਸ਼ਾਇਦ ਇਸ ਲੜਾਈ ਦਾ ਅੰਤ ਕਿਸੇ ਹੋਰ ਢੰਗ ਨਾਲ ਹੋਣਾ ਸੀ। ਅੱਜ ਵੀ ਬ੍ਰਿਗੇਡੀਅਰ ਬਾਜਵਾ ਨੂੰ ਜਿੱਥੇ ਇਸ ਜੰਗ ਨੂੰ ਜਿੱਤਣ ਦੀ ਬੇਹੱਦ ਖੁਸ਼ੀ ਹੈ, ਉਸਦੇ ਨਾਲ ਹੀ ਉਨ੍ਹਾਂ ਦੇ ਦਿਲ ਵਿੱਚ ਇਸ ਗੱਲ ਦਾ ਮਲਾਲ ਜ਼ਰੂਰ ਹੈ ਕਿ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਨੇਤਾਵਾਂ ਵੱਲੋਂ ਇੰਨੀ ਕਾਹਲੀ ਕਿਉਂ ਕੀਤੀ ਗਈ।