ਜਲੰਧਰ: ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਅਜੇ ਪੂਰੀ ਤਰ੍ਹਾਂ ਰਿਲੀਜ਼ ਵੀ ਨਹੀਂ ਹੋਈ ਕਿ ਉਸ ਤੋਂ ਪਹਿਲਾਂ ਹੀ ਜਲੰਧਰ ਵਿਖੇ ਹਿੰਦੂ ਅਤੇ ਸਿੱਖ ਸੰਗਠਨ ਆਹਮਣੇ ਸਾਹਮਣੇ ਹੋ ਗਏ ਹਨ। ਇੱਕ ਪਾਸੇ ਜਿੱਥੇ ਹਿੰਦੂ ਸੰਗਠਨ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਵਿੱਚ ਇਸ ਫ਼ਿਲਮ ਨੂੰ ਨਹੀਂ ਲੱਗਣ ਦੇਣਗੇ ਕਿਉਂਕਿ ਅੱਜ ਤੋਂ ਕੁਝ ਸਾਲ ਪਹਿਲੇ ਆਮਿਰ ਖ਼ਾਨ ਦੀ ਫ਼ਿਲਮ ਪੀ ਕੇ ਵਿੱਚ ਹਿੰਦੂਆਂ ਬਾਰੇ ਬਹੁਤ ਕੁਝ ਗ਼ਲਤ ਦਿਖਾਇਆ ਗਿਆ ਸੀ ਜਿਸ ਦੇ ਜ਼ਿੰਮੇਵਾਰ ਆਮਿਰ ਖ਼ਾਨ ਦੇ ਨਾਲ ਨਾਲ ਪ੍ਰੋਡਿਊਸਰ ਅਤੇ ਡਾਇਰੈਕਟਰ ਵੀ ਸੀ।
ਉਨ੍ਹਾਂ ਕਿਹਾ ਕਿ ਆਮਿਰ ਖ਼ਾਨ ਹਮੇਸ਼ਾਂ ਹਿੰਦੂ ਵਿਰੋਧੀ ਗੱਲਾਂ ਕਰਦਾ ਹੈ ਅਤੇ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਤਰ੍ਹਾਂ ਹਿੰਦੂ ਸਿੱਖ ਏਕਤਾ ਤੇ ਵਾਰ ਕੀਤਾ ਜਾ ਸਕੇ। ਸ਼ਿਵ ਸੈਨਾ ਹਿੰਦ ਦੇ ਆਗੂ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਆਮਿਰ ਖਾਨ ਦੀ ਹਰ ਫ਼ਿਲਮ ਦਾ ਵਿਰੋਧ ਕਰਨਗੇ ਜਿਸ ਦੇ ਚਲਦੇ ਅੱਜ ਵੀ ਉਸ ਦੀ ਫ਼ਿਲਮ ਦਾ ਵਿਰੋਧ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਵੀ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਫਿਲਮ ਜਲੰਧਰ ਵਿੱਚ ਚਲਦੀ ਹੈ ਇਸ ਤੋਂ ਬਾਅਦ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਖੁਦ ਪ੍ਰਸ਼ਾਸਨ ਹੋਵੇਗਾ।
ਓਧਰ ਦੂਸਰੇ ਪਾਸੇ ਸਿੱਖ ਸੰਗਠਨ ਦੇ ਆਗੂ ਹਰਪਾਲ ਸਿੰਘ ਚੱਢਾ ਦਾ ਕਹਿਣਾ ਹੈ ਕਿ ਇਸ ਫ਼ਿਲਮ ਨੂੰ ਬਣਾਉਣ ਲਈ ਆਮਿਰ ਖਾਨ ਨੇ ਪੂਰੀ ਦਾੜ੍ਹੀ ਵਧਾਈ ਅਤੇ ਸਿਰ ’ਤੇ ਦਸਤਾਰ ਸਜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸੰਗਠਨ ਦਾ ਕੋਈ ਮੈਂਬਰ ਇਸ ਫ਼ਿਲਮ ਦਾ ਵਿਰੋਧ ਕਰਦਾ ਹੈ ਤਾਂ ਉਹ ਫ਼ਿਲਮ ਦੀ ਸਪੋਰਟ ਵਿੱਚ ਡਟ ਕੇ ਖੜ੍ਹੇ ਹਨ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਕੋਈ ਵੀ ਤਾਕਤ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਨੂੰ ਚੱਲਣ ਤੋਂ ਨਹੀਂ ਰੋਕ ਸਕਦੀ।
ਇਹ ਵੀ ਪੜ੍ਹੋ: ਫਰੀਦਕੋਟ 'ਚ ਲੰਪੀ ਸਕਿਨ ਦੇ 5700 ਤੋਂ ਵੱਧ ਮਾਮਲੇ, ਲੋਕਾਂ 'ਚ ਦਹਿਸ਼ਤ !