ਜਲੰਧਰ: ਪੂਰੀ ਦੁਨੀਆਂ ਵਿੱਚ ਰਹਿ ਰਹੇ ਸਿੱਖ ਸਮੁਦਾਇ ਦੇ ਲੋਕ 8 ਨਵੰਬਰ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਨ ਇਸ ਦੇ ਚੱਲਦੇ ਅੱਜ ਸ਼ਨੀਵਾਰ ਨੂੰ ਜਲੰਧਰ ਵਿਖੇ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ਹੈ। ਸਿੱਖ ਜਥੇਬੰਦੀਆਂ ਵੱਲੋਂ ਇਸ ਨਗਰ ਕੀਰਤਨ ਵਿੱਚ ਸ਼ਾਮ ਨੂੰ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵੀ ਹਿੱਸਾ ਲੈਣ ਜਾ ਰਹੇ ਹਨ।
ਉਧਰ ਦੂਜੇ ਪਾਸੇ, ਸ਼ੁਕਰਵਾਰ ਨੂੰ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਜਲੰਧਰ ਵਿਖੇ ਸਿੱਖ ਜਥੇਬੰਦੀਆਂ ਦੇ ਲੋਕਾਂ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਕਿਹਾ ਗਿਆ ਕਿ ਸਿੱਖ ਸੰਗਤਾਂ ਵੱਲੋਂ ਕੱਲ ਜਲੰਧਰ ਵਿਚ ਇਸ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ਹੈ ਜਿਸ ਨੂੰ ਲੈ ਕੇ ਪੁਲਿਸ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰੇ। ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਸ਼ਿਵ ਸੈਨਾ ਵੱਲੋਂ ਪੰਜਾਬ ਬੰਦ ਦੀ ਕਾਲ ਦੇ ਚੱਲਦੇ ਨਗਰ ਕੀਰਤਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸਿੱਖ ਜਥੇਬੰਦੀਆਂ ਦੇ ਆਗੂ ਹਰਪਾਲ ਸਿੰਘ ਚੱਢਾ ਨੇ ਕਿਹਾ ਕਿ ਜਲੰਧਰ ਪੁਲਿਸ ਨਗਰ ਕੀਰਤਨ ਦੌਰਾਨ ਪੂਰੀ ਸੁਰੱਖਿਆ ਦੇ ਇੰਤਜ਼ਾਮ ਯਕੀਨੀ ਬਣਾਵੇ।
ਉਧਰ ਖੁਦ ਜਲੰਧਰ ਪੁਲਿਸ ਦੇ ਕਮਿਸ਼ਨਰ ਅਤੇ ਡੀਸੀਪੀ ਜਗਮੋਹਨ ਸਿੰਘ ਨੇ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਨਗਰ ਕੀਰਤਨ ਅਤੇ ਪੰਜਾਬ ਬੰਦ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਨਗਰ ਕੀਰਤਨ ਵਿੱਚ ਵਿਘਨ ਨਹੀਂ ਪਾਉਣ ਦਿੱਤਾ ਜਾਏਗਾ।
ਪੰਜਾਬ ਵਿੱਚ ਅੱਜ ਬੰਦ ਦੀ ਕਾਲ: ਸ਼ੁੱਕਰਵਾਰ ਨੂੰ ਦਿਨ ਦਿਹਾੜੇ ਹਿੰਦੂ ਟਕਸਾਲੀ ਦੇ ਆਗੂ ਸੁਧੀਰ ਕੁਮਾਰ ਸੂਰੀ ਨੂੰ ਗੋਲੀਆਂ ਮਾਰ (Murder of Shiv Sena leader Sudhir Suri) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਦੇ ਚੱਲਦੇ ਹਿੰਦੂ ਸੰਗਠਨ ਦੇ ਆਗੂ ਵਿਪਨ ਨਈਅਰ ਨੇ ਕਿਹਾ ਕਿ ਅੱਜ ਸ਼ਨੀਵਾਰ ਨੂੰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਪੰਜਾਬ ਬੰਦ ਦੀ ਕਾਲ (Shut down Punjab today) ਦਿੱਤੀ ਗਈ ਹੈ ਅਤੇ ਹਿੰਦੂ ਸੰਗਠਨਾਂ ਦਾ ਸਹਿਯੋਗ ਕਰਨ ਦੀ ਗੱਲ ਕਹੀ ਗਈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ 'ਚ ਸ਼ੁੱਕਰਵਾਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਰੀ ਦੀ ਪੁਲਿਸ ਸੁਰੱਖਿਆ ਦੇ ਬਾਵਜੂਦ ਉਸ ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪੰਜ ਗੋਲੀਆਂ ਮਾਰੀਆਂ ਗਈਆਂ। ਉਹ ਮੰਦਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਨ। ਗੋਲੀ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਕਤਲ ਵਿੱਚ ਵਰਤੀ ਗਈ ਪਿਸਤੌਲ ਵੀ ਬਰਾਮਦ ਹੋਈ ਹੈ। ਘਟਨਾ ਦੇ ਸਮੇਂ, ਸੂਰੀ ਗੋਪਾਲ ਮੰਦਰ ਦੇ ਬਾਹਰ ਧਰਨੇ 'ਤੇ ਬੈਠੇ ਸੀ। ਉਸੇ ਸਮੇਂ ਬਾਅਦ ਦੁਪਹਿਰ ਕਾਰ 'ਤੇ ਆਏ ਸੰਦੀਪ ਸਿੰਘ ਨੇ ਆ ਕੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਸੁਧੀਰ ਸੂਰੀ ਦੀ ਛਾਤੀ ਵਿੱਚ ਲੱਗੀਆਂ ਹਨ। ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ, ਰੋਸ ਵੱਜੋਂ ਅੱਜ ਪੰਜਾਬ ਬੰਦ ਦਾ ਸੱਦਾ