ਜਲੰਧਰ: ਪੰਜਾਬ ਵਿੱਚ ਕੋਰੋਨਾ ਦਾ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਤ ਦਾ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ ਤਾਂ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਇਸ ਦੇ ਬਾਵਜੂਦ ਅਕਸਰ ਹੀ ਲੋਕਾਂ ਵੱਲੋਂ ਨਾਈਟ ਕਰਫਿਊ ਦਾ ਉਲੰਘਣ ਕਰਦੇ ਦੇਖਿਆ ਗਿਆ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਇੱਕ ਥਾਣਾ ਮੁਖੀ ਨੂੰ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਨੌਜਵਾਨਾਂ ਨੂੰ ਰੋਕਣਾ ਮਹਿੰਗਾ ਪੈ ਗਿਆ ਅਤੇ ਉਨ੍ਹਾਂ ਨੇ ਉਸ ਥਾਣੇਦਾਰ ਦੀ ਵਰਦੀ ਪਾੜ ਦਿੱਤੀ ਅਤੇ ਉਸ ਦੀ ਕੁੱਟਮਾਰ ਕੀਤੀ।
ਪ੍ਰਾਪਤ ਜਾਣਕਾਰੀ ਮੁਤਾਬਕ ਜਲੰਧਰ ਦੇ ਭਾਰਗੋ ਕੈਂਪ ਥਾਣਾ ਮੁਖੀ ਭਗਵਾਨ ਸਿੰਘ ਭੁੱਲਰ ਮਾਡਲ ਹਾਊਸ ਦੇ ਮਾਤਾ ਰਾਣੀ ਚੌਕ ਵਿਖੇ ਦੇਰ ਰਾਤ ਨਾਕਾ ਲਗਾ ਕੇ ਬੈਠੇ ਸੀ ਕਿ 4 ਤੋਂ 5 ਨੌਜਵਾਨ ਦੋ ਕਾਰਾਂ ਵਿੱਚ ਸਵਾਰ ਹੋ ਕੇ ਉੱਥੇ ਪੁੱਜੇ ਜਦੋਂ ਉਨ੍ਹਾਂ ਨੂੰ ਕਰਫਿਊ ਦੀ ਉਲੰਘਣਾ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਅੱਗੇ ਉਸ ਨਾਲ ਝਗੜਾ ਕੀਤਾ ਤੇ ਉਸ ਦੇ ਨਾਲ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਫੱਟੜ ਅਵਸਥਾ ਵਿੱਚ ਐਸਐਚਓ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।
ਥਾਣਾ ਮੁਖੀ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਨਾਕੇ ਉੱਤੇ ਨੌਜਵਾਨਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਰੋਕਣ ਵਾਲੇ ਕੌਣ ਹੋ ਸਕਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਨਾਲ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਗੰਨਮੈਨ ਦੀ Ak47 ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਰਾਤ ਦੀ ਡਿਊਟੀ ਵਿਚ ਤੈਨਾਤ ਏਸੀਪੀ ਟ੍ਰੈਫਿਕ ਹਰਵਿੰਦਰ ਸਿੰਘ ਭੱਲਾ ਵੀ ਮੌਕੇ ਉੱਤੇ ਪੁੱਜੇ ਅਤੇ ਉਨ੍ਹਾਂ ਨੇ ਜ਼ਖ਼ਮੀ ਐਸਐਚਓ ਨੂੰ ਸਿਵਲ ਹਸਪਤਾਲ ਪਹੁੰਚਾਇਆ ਉਨ੍ਹਾਂ ਦੇ ਮੁਤਾਬਕ ਜਿਨ੍ਹਾਂ ਨੇ ਵੀ ਹਰਕਤ ਕੀਤੀ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।