ਜਲੰਧਰ: ਭਾਰਤੀ ਫੌਜ ਹਮੇਸ਼ਾ ਦੁਸ਼ਮਣਾਂ ਨਾਲ ਲੜਨ ਦੇ ਨਾਲ ਨਾਲ ਦੇਸ਼ ਦੇ ਅੰਦਰ ਆਈ ਵਿਪਤਾ ਵਿੱਚ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਫੌਜੀ ਜਵਾਨਾਂ ਅਤੇ ਅਫਸਰਾਂ ਦਾ ਜਜ਼ਬਾ ਸਿਰਫ਼ ਨੌਕਰੀ ਦੌਰਾਨ ਹੀ ਨਹੀਂ ਬਲਕਿ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਜਜ਼ਬਾ ਇਸੇ ਤਰ੍ਹਾਂ ਕਾਇਮ ਰਹਿੰਦਾ ਹੈ। ਐਸਾ ਹੀ ਇਕ ਤਾਜ਼ਾ ਉਦਾਹਰਣ ਜਲੰਧਰ ਵਿੱਚ ਵੇਖਣ ਨੂੰ ਮਿਲੇ ਅੱਜ ਇੱਥੇ ਭਾਰਤੀ ਫੌਜ ਤੋਂ 1956 ਵਿੱਚ ਬਤੌਰ ਲਾਂਸ ਨਾਇਕ ਰਿਟਾਇਰ ਹੋਏ ਕੇਸ਼ਵ ਲਾਲ ਵਰਮਾ 99 ਸਾਲ ਦੀ ਉਮਰ ਵਿੱਚ ਕੱਲ੍ਹ ਭਾਰਤੀ ਫ਼ੌਜ ਦੇ ਜਵਾਨਾਂ ਅਤੇ ਰਿਟਾਇਰ ਹੋਏ ਲੋਕਾਂ ਲਈ ਕੋਰੋਨਾ ਦੀ ਲੜਾਈ ਵਿੱਚ ਆਪਣੇ ਕੋਲੋਂ ਇੱਕ ਲੱਖ ਰੁਪਿਆ ਫੌਜ ਨੂੰ ਦਿੱਤਾ।
ਕੇਸ਼ਵ ਲਾਲ ਜਿਨ੍ਹਾਂ ਦਾ ਜਨਮ 1922 ਵਿੱਚ ਹੋਇਆ ਸੀ ਅਤੇ ਭਾਰਤੀ ਫ਼ੌਜ ਤੋਂ ਉਹ 1956 ਵਿੱਚ ਸੇਵਾਮੁਕਤ ਹੋਏ ਸੀ। ਅੱਜ ਕੇਸ਼ਵ ਲਾਲ ਵਰਮਾ 99 ਸਾਲ ਦੇ ਹੋ ਚੁੱਕੇ ਹਨ। 99 ਸਾਲ ਦੀ ਉਮਰ ਵਿੱਚ ਵੀ ਭਾਰਤੀ ਫੌਜ ਲਈ ਉਨ੍ਹਾਂ ਦਾ ਜਜ਼ਬਾ ਅੱਜ ਵੀ ਕਾਇਮ ਹੈ। ਇਹੀ ਕਾਰਨ ਹੈ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ, ਉਨ੍ਹਾਂ ਨੇ ਕੱਲ੍ਹ ਜਲੰਧਰ ਛਾਉਣੀ ਵਿਖੇ ਸਟੇਸ਼ਨ ਹੈੱਡਕੁਆਰਟਰ ਵਿੱਚ ਭਾਰਤੀ ਫ਼ੌਜ ਦੇ ਅਫ਼ਸਰ ਬ੍ਰਿਗੇਡੀਅਰ ਐਚਐਸ ਸੋਹੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਤਾਂ ਕਿ ਭਾਰਤੀ ਫ਼ੌਜ ਵੱਲੋਂ ਕਵਿੱਡ ਵਿਰੁੱਧ ਚਲ ਰਹੀ ਜੰਗ ਵਿੱਚ ਇਹ ਪੈਸਾ ਕੰਮ ਆ ਸਕੇ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਜਿਸ ਵਿਚ ਉਨ੍ਹਾਂ ਦੀ ਬਹੂ ਅਤੇ ਪੋਤੀ ਅਤੇ ਦੋ ਪੋਤੇ ਮੌਜੂਦ ਹਨ। ਉਨ੍ਹਾਂ ਦੇ ਬੇਟੇ ਦੀ 2011 ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਕ ਅਜਿਹਾ ਸਮਾਂ ਵੀ ਸੀ ਜਦੋਂ ਉਹ ਸਿਰਫ ਪੰਦਰਾਂ ਰੁਪਏ ਪੈਨਸ਼ਨ ਵਿੱਚ ਗੁਜ਼ਾਰਾ ਕਰਦੇ ਸੀ ਪਰ ਅੱਜ ਉਨ੍ਹਾਂ ਦੀ ਪੈਨਸ਼ਨ ਤੀਹ ਹਜ਼ਾਰ ਰੁਪਏ ਤੋਂ ਉੱਪਰ ਹੋ ਗਈ ਹੈ ਅਤੇ ਉਹ ਲਗਾਤਾਰ ਮਨੁੱਖਤਾ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ।
ਉਧਰ ਦੂਸਰੇ ਪਾਸੇ ਕੇਸ਼ਵ ਲਾਲ ਵਰਮਾ ਵੱਲੋਂ ਫੌਜ ਨੂੰ ਦਿੱਤੀ ਗਈ ਮਦਦ ਤੋਂ ਬਾਅਦ ਅੱਜ ਖੁਦ ਜਲੰਧਰ ਛਾਉਣੀ ਦੇ ਫੌਜੀ ਅਫਸਰ ਐਚਐਸ ਸੋਹੀ ਕੇਸ਼ਵ ਲਾਲ ਵਰਮਾ ਦੇ ਘਰ ਪੁੱਜੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।