ਜਲੰਧਰ: ਸ਼ਕਾਲਰਸ਼ਿਪ ਘਪਲੇ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਘਰ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ। ਇੰਨਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਤੇ ਕਈ ਆਗੂ ਸੰਤੋਖ ਸਿੰਘ ਚੌਧਰੀ ਦੇ ਘਰ ਦੇ ਅੰਦਰ ਚਲੇ ਗਏ। ਇਸ ਦੌਰਾਨ ਉਨ੍ਹਾਂ ਨੂੰ ਸੰਤੋਖ ਸਿੰਘ ਚੌਧਰੀ ਦੇ ਘਰ ਦੇ ਬਾਹਰ ਤਾਇਨਾਤ ਸਕਿਊਰਿਟੀ ਨੇ ਫੜ ਕੇ ਬਾਹਰ ਕੱਢਿਆ।
ਇਸ ਸਬੰਧੀ ਅਕਾਲੀ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਉਹ ਸੰਤੋਖ ਸਿੰਘ ਚੌਧਰੀ ਨੂੰ ਮਿਲਣ ਉਨ੍ਹਾਂ ਦੇ ਘਰ ਆਏ ਸਨ ਪਰ ਉਹ ਨਹੀਂ ਮਿਲੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਵਿਦਿਆਰਥੀਆਂ ਲਈ ਜਿਹੜਾ ਪੈਸਾ ਭੇਜਿਆ ਸੀ, ਉਹ ਹਾਲੇ ਤੱਕ ਵਿਦਿਆਰਥੀਆਂ ਨੂੰ ਨਹੀਂ ਦਿੱਤਾ ਗਿਆ।
ਟੀਨੂੰ ਨੇ ਕਿਹਾ ਕਿ ਸਰਕਾਰ ਦਾ ਖਜ਼ਾਨਾ ਖਾਲੀ ਨਹੀਂ ਹੈ ਤੇ ਸਰਕਾਰ ਨੇ ਮੁਲਾਜ਼ਮਾਂ ਦੇ ਭੱਤੇ 'ਚੋਂ 200 ਤੋਂ ਲੈ ਕੇ 1600 ਰੁਪਏ ਤੱਕ ਦੀ ਕਟੌਤੀ ਵੀ ਕੀਤੀ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਵਜ਼ੀਫ਼ਾ ਘਪਲੇ ਨੂੰ ਲੈ ਕੇ ਥਾਂ-ਥਾਂ 'ਤੇ ਧਰਨੇ ਦੇ ਰਹੇ ਹਨ।