ਜਲੰਧਰ: ਬੀਤੀ ਰਾਤ ਨੂਰਮਹਿਲ ਰੋਡ 'ਤੇ ਮੋਟਰਸਾਈਕਲ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਣ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਮੋਟਰਸਾਈਕਲ ਸਵਾਰ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਅਤੇ ਉਸ ਨੂੰ ਨਿਜੀ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ। ਜ਼ਖਮੀ ਵਿਅਕਤੀ ਦੀ ਪਹਿਚਾਣ ਵਿਜੇ ਕੁਮਾਰ ਵਾਸੀ ਇੰਦਰਾ ਕਲੋਨੀ ਫਿਲੌਰ ਵਜੋਂ ਹੋਈ ਹੈ ਜੋ ਕਿ ਇੱਕ ਕੰਢੇ 'ਤੇ ਕੰਮ ਕਰਦਾ ਹੈ।
ਵਿਜੇ ਕੁਮਾਰ ਰਾਤ ਨੂਰ ਮਹਿਲ ਰੋਡ ਤੋਂ 1 ਮੋਟਰਸਾਈਕਲ 'ਤੇ ਆਪਣੇ ਘਰ ਨੂੰ ਜਾ ਰਿਹਾ ਸੀ ਅਤੇ ਪਿੱਛੋਂ ਆ ਰਹੇ 1 ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਟਰੱਕ ਦੀ ਪਿਛਲੀ ਟੈਰਾਂ ਥੱਲੇ ਜਾ ਵੜਿਆ। ਮੋਟਰਸਾਈਕਲ ਸਵਾਰ ਦੀਆਂ ਦੋਵੇਂ ਲੱਤਾਂ ਟੈਰਾਂ ਦੇ ਥੱਲੇ ਆ ਗਈਆਂ ਅਤੇ ਟਰੱਕ ਡਰਾਈਵਰ ਟਰੱਕ ਛੱਡ ਕੇ ਉੱਥੋਂ ਫਰਾਰ ਹੋ ਗਿਆ।
ਉੱਥੇ ਖੜੇ ਲੋਕਾਂ ਨੇ ਪੁਲਿਸ ਨੂੰ ਅਤੇ ਐਬੂਲੈਂਸ ਨੂੰ ਫੋਨ ਕਰ ਦਿੱਤਾ। ਇਸ ਤੋਂ ਬਾਅਦ ਐਂਬੂਲੈਂਸ ਨਹੀਂ ਆਈ ਤਾਂ ਲੋਕਾਂ ਨੇ ਨੌਜਵਾਨ ਨੂੰ ਪੁਲਿਸ ਦੀ ਗੱਡੀ ਵਿੱਚ ਪਾ ਕੇ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ਼ ਲਈ ਭੇਜਿਆ ਗਿਆ। ਉਸ ਦੀ ਹਾਲਾਤ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਸਟ ਏਡ ਦੇ ਕੇ ਡੀਐਮਸੀ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ।
ਇਸ ਸਬੰਧੀ ਡਾਕਟਰ ਨੇ ਦੱਸਿਆ ਕਿ ਪੀੜਤ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਹਨ, ਜਿਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।