ਜਲੰਧਰ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸ਼ਹਿਰ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਬਿਜਲੀ ਚੋਰੀ ਕਰਨ ਵਾਲਿਆਂ ਨੂੰ 48 ਲੱਖ ਰੁਪਏ ਦੇ ਜੁਰਮਾਨੇ ਕੀਤੇ ਹਨ। ਵਿਭਾਗ ਨੇ ਇਹ ਕਾਰਵਾਈ ਡੀਪੀਐੱਸ ਗਰੇਵਾਲ, ਡਾਇਰੈਕਟਰ ਡਿਸਟ੍ਰੀਬਿਊਸ਼ਨ ਪਾਵਰ ਕਾਰਪੋਰੇਸ਼ਨ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਪੀਐਸਪੀਸੀਐਲ ਦੇ ਡੀਪੀਐੱਸ ਗਰੇਵਾਲ ਨੇ ਦੱਸਿਆ ਕਿ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਲਈ ਵਿਭਾਗ ਨੇ ਦੋ ਦਿਨ ਪਹਿਲਾਂ ਪ੍ਰੋਗਰਾਮ ਬਣਾਇਆ ਗਿਆ ਸੀ। ਸ਼ਹਿਰ ਦੇ ਸਾਰੇ ਜ਼ੋਨਾਂ ਦੇ ਬਿਜਲੀ ਅਧਿਕਾਰੀਆਂ ਨੇ ਆਪਣੇ-ਆਪਣੇ ਜ਼ੋਨਾਂ ਲਈ 47 ਟੀਮਾਂ ਬਣਾਈਆਂ ਗਈਆਂ। ਇਸ ਤਹਿਤ ਸੋਮਵਾਰ ਨੂੰ ਟੀਮਾਂ ਨੇ ਸਵੇਰੇ ਸਾਰੇ ਜ਼ੋਨਾਂ ਵਿੱਚ ਇੱਕੋ ਸਮੇਂ 3:30 ਵਜੇ ਦੇ ਕਰੀਬ ਛਾਪੇਮਾਰੀ ਕੀਤੀ।
ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਟੀਮਾਂ ਨੇ 2321 ਦੇ ਕਰੀਬ ਕੁਨੈਕਸ਼ਨ ਦੇਖੇ, ਜਿਨ੍ਹਾਂ ਵਿੱਚੋਂ ਬਿਜਲੀ ਚੋਰੀ ਕਰਨ ਵਾਲੇ ਲੋਕਾਂ ਨੇ ਸਿੱਧੀਆਂ ਕੁੰਡੀਆਂ (ਤਾਰਾਂ) ਲਗਾ ਕੇ ਚੋਰੀ ਕੀਤੀ ਫੜੀ ਗਈ ਹੈ, ਜਦਕਿ ਬਾਕੀ 27 ਮੀਟਰ ਟਾਈਮ 'ਤੇ ਕੀਤੇ ਹੋਏ ਸਨ। ਇਨ੍ਹਾਂ ਵਿਰੁੱਧ ਕਾਰਵਾਈ ਕਰਦੇ ਹੋਏ ਬਿਜਲੀ ਬੋਰਡ ਨੇ ਲੱਗਭਗ 48 ਲੱਖ ਰੁਪਏ ਦਾ ਜੁਰਮਾਨਾ ਪਾਇਆ ਹੈ।
ਉਨ੍ਹਾਂ ਦੱਸਿਆ ਕਿ ਇਹ ਸਾਰੀ ਕਾਰਵਾਈ ਬਿਜਲੀ ਵਿਭਾਗ ਦੇ ਸੀਐੱਮਡੀ ਦੇ ਨਿਰਦੇਸ਼ਾਂ 'ਤੇ ਚੋਰੀ ਨੂੰ ਲੈ ਕੇ ਜ਼ੀਰੋ ਟਾਲਰੈਂਸ ਮੁਹਿੰਮ ਅਧੀਨ ਕੀਤੀ ਗਈ ਹੈ ਅਤੇ ਅੱਗੇ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ।
ਇਸਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਨੇ ਜਲੰਧਰ ਵਿੱਚ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਆਉਣ ਵਾਲੀਆਂ ਦਿੱਕਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਟਸਐਪ ਦੇ ਵੱਖ-ਵੱਖ ਗਰੁੱਪ ਬਣਾਏ ਗਏ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਉਦਯੋਗਪਤੀਆਂ ਨੂੰ ਕੋਈ ਵੀ ਦਿੱਕਤ ਆਵੇ ਤਾਂ ਉਹ ਇਸ ਗਰੁੱਪ ਵਿੱਚ ਸ਼ੇਅਰ ਕਰਨ, ਜਿਸ ਦੇ ਦੋ-ਤਿੰਨ ਘੰਟੇ ਵਿੱਚ ਹੀ ਮੁਸ਼ਕਿਲ ਦਾ ਹੱਲ ਕਰ ਦਿੱਤਾ ਜਾਵੇਗਾ।