ਜਲੰਧਰ: ਇੱਥੋਂ ਦੇ ਬੱਤਰਾ ਪੈਲੇਸ ਦੇ ਮਾਲਕ ਦੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੀਰਾ ਬੱਤਰਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਹਿਰੀਲੀ ਚੀਜ਼ ਨਿਗਲਣ ਦਾ ਕਾਰਨ ਘਰੇਲੂ ਵਿਵਾਦ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਐਤਵਾਰ ਨੂੰ ਅਚਾਨਕ ਹੀਰਾ ਬੱਤਰਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨੇ ਹੀਰਾ ਨੂੰ ਤੁਰੰਤ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਥਾਣਾ 2 ਦੇ ਐਸਐਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਤਰਾ ਪੈਲੇਸ ਦੇ ਮਾਲਕ ਨੇ ਫਰਨੈਲ ਨਿਗਲ ਲਈ ਹੈ, ਜਿਸ 'ਤੇ ਉਹ ਤੁਰੰਤ ਹਸਪਤਾਲ ਪੁੱਜੇ। ਉਨ੍ਹਾਂ ਦੱਸਿਆ ਕਿ ਹੀਰਾ ਬੱਤਰਾ ਦਾ ਪਿਛਲੇ ਕਾਫ਼ੀ ਸਮੇਂ ਤੋਂ ਉਸ ਦੇ ਭਰਾ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਸਬੰਧੀ ਹੀਰਾ ਬੱਤਰਾ ਤੇ ਉਸ ਦੇ ਭਰਾ ਵਿਚਕਾਰ ਬੈਠ ਕੇ ਇਸ ਦਾ ਹੱਲ ਵੀ ਹੋ ਚੁੱਕਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਹੀਰਾ ਬੱਤਰਾ ਨੇ ਇਹ ਕਦਮ ਕਿਉਂ ਚੁੱਕਿਆ ਇਹ ਅਜੇ ਸਵਾਲ ਹੈ? ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਹਸਪਤਾਲ ਹੀਰਾ ਬੱਤਰਾ ਦੇ ਬਿਆਨ ਲੈਣ ਲਈ ਗਈ ਸੀ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਅਜੇ ਬਿਆਨ ਨਹੀਂ ਲਏ ਜਾ ਸਕਦੇ ਕਿਉਂਕਿ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜੇ 72 ਘੰਟੇ ਬਾਅਦ ਹੀ ਕੁੱਝ ਪਤਾ ਲੱਗ ਸਕੇਗਾ। ਪੁਲਿਸ ਜਾਂਚ ਕਰ ਰਹੀ ਹੈ।