ਜਲੰਧਰ: ਉੰਝ ਤਾਂ ਸਰਕਾਰਾਂ ਗ਼ਰੀਬਾਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਚਲਾਉਂਦੀਆਂ ਹਨ, ਜਿਨ੍ਹਾਂ ਨਾਲ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸਭ ਗ਼ਰੀਬਾਂ ਨੂੰ ਖੁਸ਼ਹਾਲ ਕਰਨ ਲਈ ਕੀਤਾ ਜਾ ਰਿਹਾ ਹੈ। ਅਜਿਹੀ ਹੀ ਇੱਕ ਯੋਜਨਾ ਹੈ ਪ੍ਰਧਾਨਮੰਤਰੀ ਆਵਾਸ ਯੋਜਨਾ। ਇਸ ਯੋਜਨਾ ਦੇ ਤਹਿਤ ਗ਼ਰੀਬ ਲੋਕਾਂ ਨੂੰ ਆਪਣਾ ਘਰ ਬਣਾਉਣ ਲਈ 1, 75,000 ਰੁਪਿਆ ਕਿਸ਼ਤਾਂ ਵਿੱਚ ਦਿੱਤਾ ਜਾਂਦਾ ਹੈ, ਤਾਂ ਕਿ ਉਹ ਆਪਣੇ ਸਿਰ ਤੇ ਛੱਤ ਪਾ ਸਕਣ, ਪਰ ਜਲੰਧਰ ਦੇ ਗਾਂਧੀਨਗਰ ਇਲਾਕੇ ਵਿੱਚ ਇਸ ਸਕੀਮ ਦੀ ਸੱਚਾਈ ਕੁਝ ਹੋਰ ਹੀ ਨਜ਼ਰ ਆ ਰਹੀ ਹੈ।
ਇਕ ਵਿਧਵਾ ਆਪਣੀਆਂ ਚਾਰ ਬੇਟੀਆਂ ਸਣੇ ਖੁੱਲ੍ਹੇ ਆਸਮਾਨ ਦੇ ਥੱਲੇ ਰਹਿਣ ਨੂੰ ਮਜਬੂਰ : ਜਲੰਧਰ ਦੇ ਗਾਂਧੀ ਨਗਰ ਇਲਾਕੇ ਵਿੱਚ ਪੁਸ਼ਪਾ ਲਾਮ ਦੀ 49 ਸਾਲਾਂ ਦੀ ਇਕ ਵਿਧਵਾ ਮਹਿਲਾ ਆਪਣੀਆਂ ਚਾਰ ਬੇਟੀਆਂ ਸੁਣੇ ਆਪਣੇ ਘਰ ਵਿਚ ਤਾਂ ਰਹਿ ਰਹੀ ਹੈ। ਇਸ ਘਰ ਵਿੱਚ ਲੈਂਟਰ ਤੱਕ ਚਾਰ ਕੰਧਾਂ ਤਾਂ ਹਨ, ਪਰ ਇਨ੍ਹਾਂ ਕੰਧਾਂ ਉੱਪਰ ਛੱਤ ਦੀ ਥਾਂ 'ਤੇ ਸਿੱਧਾ ਅਸਮਾਨ ਨਜ਼ਰ ਆਉਂਦਾ ਹੈ। ਘਰ ਦੇ ਵਿੱਚ ਜ਼ਰੂਰਤ ਦਾ ਸਮਾਨ ਤਾਂ ਹੈ, ਪਰ ਉਹ ਚਾਰਦੀਵਾਰੀ ਅੰਦਰ ਖੁੱਲ੍ਹੇ ਆਸਮਾਨ ਦੇ ਥੱਲੇ ਪਿਆ ਹੋਇਆ ਹੈ। ਇੱਥੇ ਤੱਕ ਕਿ ਇਹ ਮਹਿਲਾ ਆਪਣੀਆਂ ਬੇਟੀਆਂ ਦੇ ਨਾਲ ਇਸੇ ਘਰ ਵਿਚ ਰਹਿਣ ਲਈ ਮਜਬੂਰ ਹੈ।
ਘਰ ਹੁੰਦਿਆਂ ਹੋਇਆ ਵੀ ਹੋਏ ਬੇਘਰ : ਪੁਸ਼ਪਾ ਦੇ ਮੁਤਾਬਕ ਉਸ ਦੇ ਪਤੀ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਉਸ ਨੂੰ ਪਤਾ ਲੱਗਾ ਸੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗ਼ਰੀਬਾਂ ਨੂੰ ਘਰ ਬਣਾਉਣ ਲਈ ਪੈਸੇ ਦਿੱਤੇ ਜਾਂਦੇ ਹਨ। ਇਸ ਵੇਲੇ ਤੱਕ ਪੁਸ਼ਪਾ ਦੇ ਘਰ ਦੀਆਂ ਕੱਚੀਆਂ ਕੰਧਾਂ ਉੱਪਰ ਟੁੱਟੇ ਫੁੱਟੇ ਬਾਲਿਆਂ ਦੀ ਛੱਤ ਤਾਂ ਸੀ ਪਰ ਉਹ ਆਪਣੀਆਂ ਬੇਟੀਆਂ ਸਣੇ ਇਸ ਛੱਤ ਦੇ ਥੱਲੇ ਰਹਿੰਦੀ ਸੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਨੇ 21 ਦਸੰਬਰ 2022 ਨੂੰਹ ਇਹ ਫਾਰਮ ਭਰੇ। ਫਾਰਮ ਭਰਨ ਤੋਂ ਬਾਅਦ ਦਫਤਰੀ ਕਾਰਵਾਈ ਪੂਰੀ ਹੋਣ ਮਗਰੋਂ ਉਸ ਨੂੰ ਇਸ ਇਵਜ਼ ਵਿਚ ਪਹਿਲੇ 12000 ਰੁਪਏ ਮਿਲੇ ਜਿਸ ਨਾਲ ਉਸ ਨੇ ਆਪਣੇ ਘਰ ਦੀਆਂ ਨੀਂਹਾਂ ਭਰਵਾਈਆਂ।
ਇਸ ਤੋਂ ਬਾਅਦ ਦੂਸਰੀ ਕਿਸ਼ਤ ਵਿਚ ਉਸ ਨੂੰ ਸਰਕਾਰ ਵੱਲੋਂ 50000 ਰੁਪਏ ਦਿੱਤੇ ਗਏ ਜਿਸ ਨਾਲ ਉਸ ਨੇ ਆਪਣੇ ਘਰ ਦੀਆਂ ਕੰਧਾਂ ਲੈਂਟਰ ਤੱਕ ਬਣਵਾ ਦਿੱਤੀਆਂ। ਪੁਸ਼ਪਾ ਨੂੰ ਮਹਿਕਮੇ ਵੱਲੋਂ ਕਿਹਾ ਗਿਆ ਸੀ ਕਿ ਇਨ੍ਹਾਂ ਪੈਸਿਆਂ ਨਾਲ ਘਰ ਦੀਆਂ ਕੰਧਾਂ ਲੈਂਟਰ ਤੱਕ ਜਦ ਪਹੁੰਚ ਜਾਣਗੀਆਂ। ਮੈਨੂੰ ਤਾਂ ਉਨ੍ਹਾਂ ਨੂੰ ਅਗਲੀਆਂ ਕਿਸ਼ਤਾਂ ਵੀ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਪੁਸ਼ਪਾ ਨੂੰ ਇਹ ਪੈਸੇ 19 ਮਾਰਚ 2022 ਨੂੰ ਮਿਲੇ ਸੀ ਜਿਸ ਨਾਲ ਉਸ ਨੇ ਆਪਣੇ ਘਰ ਦੀਆਂ ਕੰਧਾਂ ਲੈਂਟਰ ਤੱਕ ਬਣਵਾ ਦਿੱਤੀਆਂ। ਉਸ ਤੋਂ ਬਾਅਦ ਸ਼ੁਰੂ ਹੋਇਆ ਉਸ ਦਾ ਹੋਰ ਮਾੜਾ ਸਮਾਂ, ਜਦ ਪਹਿਲੇ ਤਾਂ ਮਹਿਕਮੇ ਵੱਲੋਂ ਉਸ ਦੀ ਅਗਲੀ ਕਿਸ਼ਤ ਦੀ ਫਾਈਲ ਹੀ ਗਵਾ ਦਿੱਤੀ ਗਈ। ਇਸ ਤੋਂ ਬਾਅਦ ਉਸ ਨੂੰ ਦੁਬਾਰਾ ਇਹ ਫਾਈਲ ਭਰਨੀ ਪਈ ਅਤੇ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਪੁਸ਼ਪਾ ਦੇ ਘਰ ਦੀਆਂ ਇਹ ਕੰਧਾਂ ਉਨ੍ਹਾਂ ਪੈਸਿਆਂ ਦੀ ਉਡੀਕ ਕਰ ਰਹੀਆਂ ਹਨ, ਜਿਨ੍ਹਾਂ ਨਾਲ ਇਨ੍ਹਾਂ ਉੱਪਰ ਲੈਂਟਰ ਪੈਣਾ ਹੈ।
ਕੁਝ ਮਹੀਨੇ ਕਿਰਾਏ 'ਤੇ ਰਹਿਣ ਤੋਂ ਬਾਅਦ ਮਕਾਨ ਮਾਲਕ ਨੇ ਵੀ ਕੱਢਿਆ : ਮਾਰਚ ਮਹੀਨੇ ਵਿੱਚ ਹੀ ਪੁਸ਼ਪਾ ਵੱਲੋਂ ਆਪਣੇ ਘਰ ਦੇ ਲਾਗੇ ਇਕ ਮਕਾਨ ਕਿਰਾਏ 'ਤੇ ਲਿਆ ਗਿਆ ਸੀ। ਉਸ ਨੇ ਸੋਚਿਆ ਸੀ ਕਿ ਕੁਝ ਦਿਨਾਂ ਵਿੱਚ ਬਾਕੀ ਪੈਸੇ ਆ ਜਾਣਗੇ, ਪਰ ਪੁਸ਼ਪਾ ਦਾ ਇਹ ਕੁਝ ਦਿਨਾਂ ਦਾ ਇੰਤਜਾਰ ਕਈ ਮਹੀਨਿਆਂ ਵਿੱਚ ਬਦਲ ਗਿਆ। ਕੋਈ ਕੰਮ ਨਾ ਹੋਣ ਕਰਕੇ ਕਿਰਾਇਆ ਦੇਣ ਤੋਂ ਵੀ ਮਜਬੂਰ ਪੁਸ਼ਪਾ ਨੂੰ ਆਖ਼ਿਰ ਮਕਾਨ ਮਾਲਕ ਨੇ ਵੀ ਆਪਣੇ ਘਰੋਂ ਕੱਢ ਦਿੱਤਾ ਜਿਸ ਕਰਕੇ ਅੱਜ ਇਹ ਮਹਿਲਾ ਆਪਣੇ ਹੀ ਘਰ ਦੀ ਚਾਰਦੀਵਾਰੀ ਵਿੱਚ ਬਿਨਾਂ ਛੱਤ ਤੋਂ ਰਹਿਣ ਲਈ ਮਜਬੂਰ ਹੈ।
ਅਧਿਕਾਰੀਆਂ ਦਾ ਕੀ ਕਹਿਣਾ : ਇਸ ਪੂਰੇ ਮਾਮਲੇ ਵਿੱਚ ਸਬੰਧਿਤ ਮਹਿਕਮੇ ਦੇ ਅਧਿਕਾਰੀ ਨਿਰਮਲਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਗਾਤਾਰ ਇਨ੍ਹਾਂ ਫਾਈਲਾਂ ਨੂੰ ਪਹਿਲ ਦੇ ਆਧਾਰ 'ਤੇ ਪਾਸ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇਹ ਫਾਈਲ ਮਿਲੀ ਸੀ ਜਿਸ ਤੋਂ ਬਾਅਦ ਇਸ ਦੀ ਅਪਰੂਵਲ ਲਈ ਇਸ ਨੂੰ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਮਹਿਲਾ ਨੂੰ ਪੈਸੇ ਰਿਲੀਜ਼ ਕਰ ਦਿੱਤੇ ਜਾਣਗੇ। ਉਨ੍ਹਾਂ ਮੁਤਾਬਕ ਮਹਿਕਮੇ ਦੇ ਉੱਚ ਅਫ਼ਸਰਾਂ ਦੀ ਬਦਲੀ ਹੋਣ ਕਰਕੇ ਇਨ੍ਹਾਂ ਪੈਸਿਆਂ ਵਿੱਚ ਦੇਰੀ ਹੋਈ ਹੈ।
ਇੰਝ ਮਿਲਦੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ : ਗ਼ਰੀਬਾਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗ਼ਰੀਬ ਲੋਕਾਂ ਨੂੰ ਆਪਣਾ ਘਰ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ 1,75,000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ, ਜੋ ਕਿ 6 ਕਿਸ਼ਤਾਂ ਵਿੱਚ ਹੁੰਦੀ ਹੈ। ਮਹਿਕਮੇ ਮੁਤਾਬਕ ਸਭ ਤੋਂ ਪਹਿਲੇ ਨੀਹਾਂ ਭਰਨ ਵਾਸਤੇ 12000 ਰੁਪਏ ਦਿੱਤੇ ਜਾਂਦੇ ਹਨ ਜਿਸ ਤੋਂ ਬਾਅਦ ਘਰ ਦੀਆਂ ਕੰਧਾਂ ਜਨਤਾ ਤੱਕ ਪਹੁੰਚਾਉਣ ਲਈ 50000 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਲੈਂਟਰ ਪਾਉਣ ਲਈ ਪੰਜਾਹ ਹਜ਼ਾਰ ਰੁਪਏ ਹੋਰ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ 32 ਹਜ਼ਾਰ ਦੀ ਕਿਸ਼ਤ ਅਤੇ ਅੰਤ ਵਿੱਚ 30 ਹਜ਼ਾਰ ਦੀ ਇੱਕ ਕਿਸ਼ਤ ਦਿੱਤੀ ਜਾਂਦੀ ਹੈ। ਇਸ ਵਿਚ ਕੁਝ ਥਾਵਾਂ 'ਤੇ ਪੰਜ-ਪੰਜ ਸੌ ਰੁਪਏ ਦੀ ਰਕਮ ਵੀ ਜੁੜੀ ਹੁੰਦੀ ਹੈ ਜਿਸ ਨਾਲ ਇਸ ਦਾ ਕੁੱਲ ਇੱਕ ਲੱਖ ਪਚੱਤਰ ਹਜ਼ਾਰ ਰੁਪਏ ਬਣ ਜਾਂਦਾ ਹੈ।
ਇਹ ਵੀ ਪੜ੍ਹੋ: ਗੈਂਗਸਟਰ ਲੰਡਾ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪਾਈ ਇਹ ਪੋਸਟ