ਫਗਵਾੜਾ: ਕਸਬਾ ਗੁਰਾਇਆ ਸਬ-ਤਹਿਸੀਲ ਵਿਖੇ ਵਿਜੀਲੈਂਸ ਨੇ ਪਟਵਾਰੀ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਪਿੰਡ ਡੱਲੇਵਾਲ ਦੇ ਚਰਨਜੀਤ ਸਿੰਘ ਨੇ ਵਿਜੀਲੈਂਸ ਨੂੰ ਇਕ ਲਿਖਿਤ ਸ਼ਿਕਾਇਤ ਦਿੱਤੀ ਸੀ ਕਿ ਪਟਵਾਰੀ ਵਿਪਨ ਕੁਮਾਰ ਉਹਦੀ ਭੈਣ ਦੇ ਬੇਟਿਆਂ ਦੀ ਵਿਰਾਸਤੀ ਇੰਤਕਾਲ ਦਰਜ ਕਰਨ ਸਬੰਧੀ ਵਾਰ-ਵਾਰ ਪ੍ਰਤੀ ਇੰਤਕਾਲ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ। ਜਿਸ ਦੇ ਵਿੱਚ ਪਟਵਾਰੀ ਨੇ ਇੱਕ ਇੰਤਕਾਲ ਦਰਜ ਕਰਨ ਦੇ 10 ਹਜ਼ਾਰ ਰੁਪਏ ਉਹਦੇ ਕੋਲ ਪਹਿਲਾਂ ਲੈ ਲਏ ਹਨ ਤੇ ਜਦੋਂ ਦੂਜੇ ਇੰਤਕਾਲ ਨੂੰ ਦਰਜ ਕਰਵਾਉਣ ਲਈ ਗਈ ਤਾਂ ਪਟਵਾਰੀ ਫਿਰ ਤੋਂ 10 ਹਜ਼ਾਰ ਰੁਪਏ ਦੀ ਮੰਗ ਕਰਨ ਲੱਗਾ।
ਇਹ ਵੀ ਪੜੋ: ਮੌਜੂਦਾ ਡਿਪਟੀ ਮੇਅਰ ਦੇ ਬੇਟੇ ’ਤੇ ਲੱਗੇ ਸਾਬਕਾ ਮੇਅਰ ਦੇ ਬੇਟੇ ’ਤੇ ਹਮਲਾ ਕਰਨ ਦੇ ਇਲਜ਼ਾਮ
ਪਟਵਾਰੀ ਦੀ ਇਸ ਘਟੀਆ ਕਰਤੂਤ ਨੂੰ ਦੇਖਦੇ ਹੋਏ ਚਰਨਜੀਤ ਨੇ ਰਿਸ਼ਵਤ ਮਾਮਲੇ ਸਬੰਧੀ ਵਿਜੀਲੈਂਸ ਜਲੰਧਰ ਨੂੰ ਸ਼ਿਕਾਇਤ ਕਰ ਦਿੱਤੀ। ਜਲੰਧਰ ਵਿਜੀਲੈਂਸ ਟੀਮ ਨੇ ਡੀਐੱਸਪੀ ਦਲਬੀਰ ਸਿੰਘ ਦੀ ਅਗਵਾਈ ਵਿੱਚ ਟੀਮ ਬਣਾ ਕੇ ਗੁਰਾਇਆ ਪਟਵਾਰ ਦੇ ਵਿੱਚ ਜਾ ਕੇ ਪਟਵਾਰੀ ਵਿਪਨ ਕੁਮਾਰ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ।
ਡੀਐੱਸਪੀ ਵਿਜੀਲੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਪਟਵਾਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਗੇ ਕਾਰਵਾਈ ਕੀਤੀ ਜਾਵੇਗੀ ।