ਜਲੰਧਰ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਥੇ ਪਿੰਡਾਂ ਵਿੱਚ ਪੰਚਾਇਤੀ ਅਤੇ ਹੋਰ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੋਂ ਹਰ ਹਾਲ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ। ਭਾਵੇਂ ਇਨ੍ਹਾਂ ਜ਼ਮੀਨਾਂ ’ਤੇ ਗਲਤ ਢੰਗ ਨਾਲ ਕਾਬਜ਼ ਲੋਕ ਕਿੰਨੇ ਵੀ ਰਸੂਖਦਾਰ ਕਿਉਂ ਨਾ ਹੋਣ ਜਾਣ।
ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਮੁਹਿੰਮ ਸਬੰਧੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੁਣ ਤੱਕ ਸੂਬੇ ਭਰ ਵਿੱਚ 100 ਏਕੜ ਤੋਂ ਵੱਧ ਰਕਬੇ ਤੋਂ ਨਾਜਾਇਜ਼ ਕਬਜ਼ੇ ਖਾਲੀ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ਪੰਜਾਬ ਵਿੱਚ 79 ਏਕੜ 01 ਕਨਾਲ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ ਹੈ। ਜਿਸ ਵਿੱਚ 62 ਏਕੜ ਇਕੱਲੀ ਜਲੰਧਰ ਡਵੀਜ਼ਨ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਲਾਕ ਭੋਗਪੁਰ ਦੇ ਪਿੰਡ ਬੁਲੋਵਾਲ ਵਿਖੇ 22 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜਾ ਛੁਡਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਇਕ ਸਾਬਕਾ ਡਿਪਟੀ ਕਮਿਸ਼ਨਰ ਵੱਲੋਂ 1987 ਤੋਂ ਆਪਣੇ ਕਬਜ਼ੇ ਹੇਠ ਲਈ ਗਈ ਸੀ, ਜਿਹੜੀ ਕਿ ਸਾਬਕਾ ਅਧਿਕਾਰੀ ਦੀ ਮੌਤ ਉਪਰੰਤ ਉਸ ਦੇ ਪਰਿਵਾਰ ਵੱਲੋਂ ਵਰਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਅੰਕੜੇ ਸੈਂਕੜੇ ਏਕੜਾਂ ਦੀ ਗਿਣਤੀ ਪਾਰ ਕਰ ਜਾਣਗੇ। ਕਿਉਂਕਿ ਪੰਜਾਬ ਸਰਕਾਰ ਇਨ੍ਹਾਂ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਹਰ ਲੋੜੀਂਦਾ ਉਪਰਾਲਾ ਅਮਲ ਵਿੱਚ ਲਿਆ ਰਹੀ ਹੈ।
ਇਹ ਵੀ ਪੜੋ:- ਸ਼ੱਕੀ ਦਹਿਸ਼ਤਗਰਦ ਭੁਪਿੰਦਰ ਦੇ ਘਰ ਵੱਡੀ ਗਿਣਤੀ ’ਚ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ , ਕੀ ਬੋਲੇ ਪਿੰਡ ਵਾਸੀ ?