ਜਲੰਧਰ: ਕਹਿੰਦੇ ਹਨ ਉਚਾਈਆਂ ਨੂੰ ਛੂਹਣ ਲਈ ਕੱਦ ਮਾਅਨੇ ਨਹੀਂ ਰੱਖਦਾ, ਜੇ ਹੌਸਲੇ ਬੁਲੰਦ ਹੋਣ ਤਾਂ ਉਡਾਣਾਂ ਅਸਮਾਨ ਤੱਕ ਜਾ ਸਕਦੀਆਂ ਹਨ। ਅਜਿਹਾ ਹੀ ਕੁਝ ਕਰ ਵਿਖਾਇਆ ਹੈ, ਜਲੰਧਰ ਦੀ ਰਹਿਣ ਵਾਲੀ ਤਿੰਨ ਫੁੱਟ ਚਾਰ ਇੰਚ ਦੀ ਲੜਕੀ ਹਰਵਿੰਦਰ ਕੌਰ ਨੇ। ਹਰਵਿੰਦਰ ਕੌਰ ਅੱਜ ਸਭ ਤੋਂ ਘੱਟ ਕੱਦ ਵਾਲੀ ਵਕੀਲ ਦੇ ਨਾਂ ਤੋਂ ਜਾਣੀ ਜਾਂਦੀ ਹੈ। ਪਰ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਨੂੰ ਕਾਮਯਾਬ ਕਰਨ ਲਈ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਹੈ, ਤੇ ਹਰਵਿੰਦਰ ਕੌਰ ਨੂੰ ਕਾਮਯਾਬ ਕਰਨ ਵਿੱਚ ਸਭ ਤੋਂ ਵੱਡਾ ਹੱਥ ਉਸ ਦੀ ਮਾਂ ਸੁਖਦੀਪ ਕੌਰ ਦਾ ਹੈ। ਜਿਨ੍ਹਾਂ ਦੇ ਹੌਂਸਲਿਆ ਨਾਲ ਹਰਵਿੰਦਰ ਕੌਰ ਨੇ ਆਪਣਾ ਮੁਕਾਮ ਹਾਸਿਲ ਕੀਤਾ ਹੈ।
ਹਰਵਿੰਦਰ ਕੌਰ ਦੀ ਮਾਂ ਸੁਖਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਅੱਜ ਵਕਾਲਤ ਕਰ ਵਕੀਲ ਬਣ ਚੁੱਕੀ ਹੈ ਅਤੇ ਜੱਜ ਬਣਨ ਦੇ ਸੁਪਨੇ ਵੀ ਵੇਖ ਰਹੀ ਹੈ। ਮਾਂ ਸੁਖਦੀਪ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਦਾ ਪੂਰਾ ਧਿਆਨ ਰੱਖਦੀ ਹੈ। ਕਿਸ ਸਮੇਂ ਉਸਨੂੰ ਕਿਸ ਚੀਜ਼ ਦੀ ਲੋੜ ਹੈ ਉਹ ਉਸਦਾ ਪੂਰਾ ਧਿਆਨ ਰਖਦੀ ਹੈ। ਉਨ੍ਹਾਂ ਦੀ ਧੀ ਦਾ ਕੱਦ ਬਹੁਤ ਛੋਟਾ ਹੈ, ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਸੀ ਕਿ ਹਰਵਿੰਦਰ ਕੌਰ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਪਾਏਗੀ।
ਸੁਖਦੀਪ ਕੌਰ ਦੇ ਮੁਤਾਬਕ ਹਰਵਿੰਦਰ ਇਸ ਗੱਲ ਨੂੰ ਬਹੁਤ ਦਿਲ ’ਤੇ ਲੈਂਦੀ ਸੀ ਪਰ ਉਨ੍ਹਾਂ ਨੇ ਹਮੇਸ਼ਾਂ ਉਹਨੂੰ ਸਪੋਰਟ ਕਰਦੇ ਹੋਏ ਇਹ ਕਿਹਾ ਕਿ ਦੁਨੀਆਂ ਦੇ ਤਾਅਨੇ ਨੂੰ ਦਰ ਕਿਨਾਰ ਕਰ ਸਿਰਫ ਅੱਗੇ ਵਧਣ ਦੀ ਗੱਲ ਸੋਚੇ। ਸੁਖਦੀਪ ਕੌਰ ਦਾ ਕਹਿਣਾ ਹੈ ਕਿ ਜਦੋਂ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਤਾਂ ਉਨ੍ਹਾਂ ਨੂੰ ਬਹੁਤ ਦੁਖ ਹੁੰਦਾ ਸੀ ਪਰ ਅੱਜ ਉਨ੍ਹਾਂ ਨੂੰ ਆਪਣੀ ਧੀ ਤੇ ਮਾਨ ਹੈ।
ਉੱਧਰ ਹਰਵਿੰਦਰ ਕੌਰ ਦਾ ਕਹਿਣਾ ਹੈ ਕਿ ਅੱਜ ਉਹ ਜੋ ਕੁਝ ਵੀ ਹੈ ਉਸ ਦੇ ਪਿੱਛੇ ਸਭ ਤੋਂ ਵੱਡਾ ਹੱਥ ਉਸ ਦੀ ਮਾਂ ਦਾ ਹੈ। ਉਸ ਦੀ ਮਾਂ ਸੁਖਦੀਪ ਕੌਰ ਦੇ ਕਰਕੇ ਹੀ ਉਹ ਅੱਜ ਇਸ ਮੁਕਾਮ ਤੱਕ ਪਹੁੰਚੀ ਹੈ ਅਤੇ ਹਰਵਿੰਦਰ ਨੇ ਕਿਹਾ ਕਿ ਸਾਰਿਆਂ ਨੂੰ ਮੇਰੀ ਮਾਂ ਵਰਗੀ ਮਾਂ ਹੀ ਮਿਲੇ।
ਇਹ ਵੀ ਪੜੋ: ਮਦਰਜ਼ ਡੇਅ ਸਪੈਸ਼ਲ:ਇੱਕ ਸਿੰਗਲ ਮਦਰ, ਜਿਸ ਨੇ ਕਈ ਬੱਚਿਆਂ ਨੂੰ ਦਿੱਤੀ ਮਮਤਾ ਦੀ ਛਾਂ