ਜਲੰਧਰ: ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿਚ ਉਨ੍ਹਾਂ ਲੋਕਾਂ ਦੀ ਗਿਣਤੀ ਹੈ, ਜੋ ਜਾਂ ਤਾਂ ਖੁਦ ਜਾਂ ਫਿਰ ਆਪਣੇ ਪਰਿਵਾਰਾਂ ਸਮੇਤ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਵਸ ਗਏ ਹਨ। ਇਹ ਐੱਨਆਰਆਈ ਪੰਜਾਬ ਵਿੱਚ ਆਪਣੇ-ਆਪਣੇ ਪਿੰਡਾਂ ਅਤੇ ਆਪਣੀਆਂ ਜੜ੍ਹਾਂ ਨਾਲ ਬੜੀ ਮਜ਼ਬੂਤੀ ਨਾਲ ਜੁੜੇ ਹੋਏ ਸੀ। ਇੰਨਾਂ ਹੀ ਨਹੀਂ, ਆਪਣੇ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਖ਼ਰਚਣ ਲੱਗਿਆਂ ਵੀ ਇਹ ਗੁਰੇਜ਼ ਨਹੀਂ ਕਰਦੇ ਸਨ। ਇਸ ਦੇ ਨਾਲ-ਨਾਲ ਇਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਵਿੱਚ ਵੀ ਇੱਕ ਅਹਿਮ ਰੋਲ ਹੁੰਦਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਦਾ ਆਪਣੇ ਪਿੰਡਾਂ ਵੱਲ ਰੁਝਾਨ ਅਤੇ ਪੰਜਾਬ ਵੱਲ ਉਡਾਨ ਬਹੁਤ ਘੱਟ ਗਈ ਹੈ। ਖ਼ਾਸ ਕਰਕੇ ਇਸ ਸਮੇਂ ਜਦੋ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ, ਤਾਂ ਐਨਆਰਆਈ ਚੋਣਾਂ ’ਚ ਬਿਲਕੁਲ ਹੀ ਨਾ ਮਾਤਰ ਨਜ਼ਰ (NRIs vanished during the Punjab elections ) ਆ ਰਹੇ ਹਨ।
NRI's ਦਾ ਆਪਣੇ ਪਿੰਡਾਂ ਅਤੇ ਪੰਜਾਬ ਨਾਲ ਪਿਆਰ
ਇਕ ਸਮਾਂ ਸੀ ਜਦੋ ਪੰਜਾਬ ਤੋਂ ਵਿਦੇਸ਼ਾਂ ਵਿਚ ਜਾ ਕੇ ਵਸੇ ਐੱਨਆਰਆਈ ਪੰਜਾਬ ਦੀ ਧਰਤੀ ਨਾਲ ਇਸ ਕਦਰ ਜੁੜੇ ਹੋਏ ਸੀ ਕਿ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਣ ਸਾਲ ਵਿੱਚ ਇੱਕ ਜਾਂ ਦੋ ਵਾਰ ਆਪਣੇ ਪਿੰਡ ਜ਼ਰੂਰ ਪਰਤਦੇ ਸੀ। ਇੰਨਾਂ ਹੀ ਨਹੀਂ, ਆਪਣੇ ਬੱਚਿਆਂ ਨੂੰ ਜਿਨ੍ਹਾਂ ਦਾ ਜਨਮ ਵਿਦੇਸ਼ਾਂ ਵਿੱਚ ਹੋਇਆ ਸੀ, ਉਨ੍ਹਾਂ ਨੂੰ ਵੀ ਪੰਜਾਬ ਦਿਖਾ ਕੇ ਆਪਣੀ ਧਰਤੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਸਨ। ਪੰਜਾਬ ਅਤੇ ਆਪਣੇ ਪਿੰਡਾਂ ਨਾਲ ਇਨ੍ਹਾਂ ਦਾ ਪਿਆਰ ਇਸ ਗੱਲ ਤੋਂ ਸਾਫ਼ ਝਲਕਦਾ ਸੀ ਕਿ ਆਪਣੇ ਪਿੰਡਾਂ ਦੇ ਸਕੂਲਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਇਹ ਆਪਣੀ ਕਮਾਈ ਵਿੱਚੋਂ ਲੱਖਾਂ ਕਰੋੜਾਂ ਰੁਪਏ ਤੱਕ ਦੇਣ ਤੋਂ ਗੁਰੇਜ਼ ਨਹੀਂ ਕਰਦੇ ਸਨ। ਆਪਣੇ ਪਰਿਵਾਰਾਂ ਸਮੇਤ ਹਰ ਸਾਲ ਪੰਜਾਬ ਆਪਣੇ ਪਿੰਡ ਆ ਕੇ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਨੂੰ ਮਿਲ ਕੇ ਜੋ ਖੁਸ਼ੀ ਉਨ੍ਹਾਂ ਨੂੰ ਮਿਲਦੀ ਸੀ। ਉਹ ਸ਼ਾਇਦ ਸਾਰਾ ਸਾਰਾ ਸਾਲ ਵਿਦੇਸ਼ ਵਿੱਚ ਰਹਿ ਕੇ ਵੀ ਨਹੀਂ ਮਿਲਦੀ ਸੀ।
ਰਾਜਨੀਤੀ ਵਿਚ NRI's ਦਾ ਰੋਲ
ਇਹ ਐੱਨਆਰਆਈ ਜੋ ਵਿਦੇਸ਼ਾਂ ਵਿਚ ਜਾ ਕੇ ਵਸੇ ਅਤੇ ਉੱਥੇ ਕਾਮਯਾਬ ਹੋਏ। ਨਾ ਸਿਰਫ ਪੰਜਾਬ ਵਿਚ ਆਪਣੇ ਪਿੰਡਾਂ ਨਾਲ ਖਾਸ ਖਿੱਚ ਰੱਖਦੇ ਸੀ, ਬਲਕਿ ਇਸ ਦੇ ਨਾਲ-ਨਾਲ ਉਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਵਿੱਚ ਵੀ ਇੱਕ ਅਹਿਮ ਰੋਲ ਹੁੰਦਾ ਸੀ। ਪੰਜਾਬ ਦੀ ਰਾਜਨੀਤੀ ਵਿੱਚ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਨਾ ਜਾਂ ਫਿਰ ਉਸ ਨੂੰ ਲੱਖਾਂ ਕਰੋੜਾਂ ਦੀ ਫੰਡਿੰਗ ਕਰਕੇ ਜਿੱਤ ਦਿਵਾਉਣੀ ਇਨ੍ਹਾਂ ਐਨਆਰਆਈਜ਼ ਦਾ ਮਕਸਦ ਹੁੰਦਾ ਸੀ ਤਾਂ ਕਿ ਉਹ ਪਾਰਟੀ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਵਿਕਾਸ ਕਰ ਸਕੀ। ਇਸ ਲਈ ਇਹ ਐਨਆਰਆਈ ਹਰ ਵਾਰ ਚੋਣਾਂ ’ਤੇ ਪੰਜਾਬ ਆਉਂਦੇ ਸੀ ਅਤੇ ਆਪਣੀ ਮਨਪਸੰਦ ਰਾਜਨੀਤਿਕ ਪਾਰਟੀ ਅਤੇ ਉਮੀਦਵਾਰ ਨੂੰ ਜਤਾਉਣ ਲਈ ਤਨ ਮਨ ਧਨ ਨਾਲ ਉਸ ਦਾ ਸਾਥ ਦਿੰਦੇ ਸੀ। ਪੰਜਾਬ ਵਿੱਚ ਵੀ ਹਰ ਰਾਜਨੀਤਕ ਪਾਰਟੀ ਨਾ ਸਿਰਫ਼ ਪੰਜਾਬ ਆਏ ਇਨ੍ਹਾਂ ਐਨਆਰਆਈਜ਼ ਨਾਲ ਮੁਲਾਕਾਤ ਕਰਦੀ ਸੀ ਬਲਕਿ ਵਿਦੇਸ਼ਾਂ ਵਿੱਚ ਜਾ ਕੇ ਵੀ ਇਨ੍ਹਾਂ ਨੂੰ ਆਪਣੀ ਵੱਲ ਰੁਝਾਨ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ। ਇਹੀ ਕਾਰਨ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਇਨ੍ਹਾਂ ਐਨਆਰਆਈਜ਼ ਦਾ ਇੱਕ ਅਹਿਮ ਰੋਲ ਸੀ ਜਿਸ ਨਾਲ ਰਾਜਨੀਤਿਕ ਪਾਰਟੀਆਂ ਚੋਣਾਂ ਲੜ ਕੇ ਆਪਣੀ ਸਰਕਾਰ ਬਣਾਉਂਦੀਆਂ ਰਹਿੰਦੀਆਂ ਸਨ।
ਐਨਆਰਆਈ ਪੰਜਾਬ ਦੀ ਰਾਜਨੀਤੀ ਤੋਂ ਕਿਉਂ ਹੱਟ ਰਹੇ ਪਿੱਛੇ
ਐੱਨਆਰਆਈ ਸਭਾ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਦੱਸਦੇ ਹਨ ਕਿ ਪੰਜਾਬ ਵਿੱਚ ਇਨ੍ਹਾਂ ਐੱਨ ਆਰ ਆਈਜ਼ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਇਸ ਐਨਆਰਆਈ ਸਭਾ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਅੱਜ 24 ਹਜ਼ਾਰ ਐਨਆਰਆਈ ਮੈਂਬਰ ਦੇ ਤੌਰ ਤੇ ਮੌਜੂਦ ਹਨ। ਉਨ੍ਹਾਂ ਮੁਤਾਬਕ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਅਜੇ ਵੀ ਉਹ ਇਨ੍ਹਾਂ ਲਈ ਆ ਰਹੇ ਹਨ ਅਤੇ ਇਸ ਸਭਾ ਨਾਲ ਜੁੜਨਾ ਚਾਹੁੰਦੇ ਹਨ। ਪਰ ਉਹਦੇ ਦੂਜੇ ਪਾਸੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਪੰਜਾਬ ਦੀ ਰਾਜਨੀਤੀ ਤੋਂ ਹੌਲੀ ਹੌਲੀ ਇਨ੍ਹਾਂ ਐਨਆਰਆਈਜ਼ ਦਾ ਰੁਝਾਨ ਘਟਦਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਤਕਰੀਬਨ ਹਰ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੱਡੇ ਨੇਤਾ ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਐਨਆਰਆਈਜ਼ ਨਾਲ ਮੁਲਾਕਾਤਾਂ ਕਰਦੇ ਸੀ ਅਤੇ ਤਨ ਮਨ ਧਨ ਨਾਲ ਇਨ੍ਹਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਸੀ। ਐਨਆਰਆਈ ਸਭਾ ਦੇ ਸਾਬਕਾ ਪ੍ਰਧਾਨ ਦੱਸਦੇ ਹਨ ਕਿ ਪੰਜਾਬ ਵਿੱਚ ਹੋਣ ਵਾਲੀ ਤਕਰੀਬਨ ਹਰ ਚੋਣ ਵਿੱਚ ਐਨਆਰਆਈ ਦਾ ਇੱਕ ਅਹਿਮ ਰੋਲ ਹੁੰਦਾ ਸੀ, ਪਰ ਹੁਣ ਇਹ ਐੱਨਆਰਆਈ ਪੰਜਾਬ ਦੀ ਰਾਜਨੀਤੀ ਤੋਂ ਪਿੱਛੇ ਹਟ ਗਏ ਹਨ। ਉਨ੍ਹਾਂ ਮੁਤਾਬਕ 2017 ਦੀਆਂ ਚੋਣਾਂ ਵਿੱਚ ਵਿਦੇਸ਼ਾਂ ਵਿੱਚ ਰਹਿ ਰਹੇ ਤਕਰੀਬਨ ਹਰ ਐਨਆਰਆਈ ਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਆ ਕੇ ਬਦਲਾਅ ਲਿਆਏਗੀ। ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਜੋ ਕੀਤਾ ਅਤੇ ਜੋ ਆਮ ਆਦਮੀ ਪਾਰਟੀ ਨਾਲ ਜੋ ਹੋਇਆ ਉਸ ਨੂੰ ਦੇਖਦੇ ਹੋਏ ਇਸ ਵਾਰ ਐੱਨਆਰਆਈਜ਼ ਬਹੁਤ ਘੱਟ ਗਿਣਤੀ ਵਿੱਚ ਪੰਜਾਬ ਦੀਆਂ ਚੋਣਾਂ ਦਾ ਹਿੱਸਾ ਬਣਨਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋ ਉਹ ਐਨਆਰਆਈ ਸਭਾ ਦੇ ਪ੍ਰਧਾਨ ਸੀ ਉਸ ਸਮੇਂ ਐਨਆਰਆਈ ਸਭਾ ਦਾ ਆਪਣਾ ਇਕੱਠਾ ਕੀਤਾ ਹੋਇਆ ਕਰੀਬ ਪੰਜ ਕਰੋੜ ਰੁਪਿਆ ਉਨ੍ਹਾਂ ਕੋਲ ਸੀ ਅਤੇ ਉਸ ਵਿੱਚੋਂ ਦੋ ਕਰੋੜ ਰੁਪਈਆ ਐਨਆਰਆਈ ਸਭਾ ’ਤੇ ਲਗਾਇਆ ਗਿਆ ਸੀ। ਪਰ ਬਾਅਦ ਵਿਚ ਹੌਲੀ-ਹੌਲੀ ਇਸ ਦਾ ਰਾਜਨੀਤੀਕਰਨ ਕਰ ਦਿੱਤਾ ਗਿਆ ਜਿਸ ਕਰਕੇ ਹੁਣ ਐੱਨਆਰਆਈਜ਼ ਇਸ ਸਭਾ ਦੇ ਮੈਂਬਰ ਤਕ ਨਹੀਂ ਬਣ ਰਹੇ ਜਿਵੇਂ ਪਹਿਲਾਂ ਬਣਦੇ ਸੀ।
ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਤੋਂ ਐੱਨਆਰਆਈ ਨਿਰਾਸ਼
ਐੱਨਆਰਆਈ ਸਭਾ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਦੇ ਮੁਤਾਬਕ ਹਰ ਵਾਰ ਇਹ ਰਾਜਨੀਤਿਕ ਪਾਰਟੀਆਂ ਐਨਆਰਆਈਜ਼ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਅਤੇ ਉਨ੍ਹਾਂ ਦੀਆਂ ਪੂਰੀਆਂ ਸੇਵਾਵਾਂ ਮਿਲਦੀਆਂ ਹਨ। ਪਰ ਸੱਤਾ ਵਿੱਚ ਆਉਣ ਮਗਰੋਂ ਇਨ੍ਹਾਂ ਲਈ ਵਲੋਂ ਦਿੱਤਾ ਗਿਆ ਸਾਥ ਅਤੇ ਕੀਤੇ ਗਏ ਵਾਅਦੇ ਭੁੱਲ ਜਾਂਦੀਆਂ ਹਨ। ਜਿਸ ਦਾ ਸਿੱਟਾ ਇਸ ਵਾਰ ਇਹ ਨਿਕਲਿਆ ਕਿ ਐਨਆਰਆਈਜ਼ ਹੁਣ ਪੰਜਾਬ ਦੀ ਰਾਜਨੀਤੀ ਦਾ ਹਿੱਸਾ ਬਣਨਾ ਹੀ ਨਹੀਂ ਚਾਹੁੰਦੇ। ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਤਰੀਕ ਵਿਚ ਪੰਜਾਬ ਦੀ ਕੋਈ ਵੀ ਰਾਜਨੀਤਿਕ ਪਾਰਟੀ ਅਜਿਹਾ ਨਹੀਂ ਹੈ ਜੋ ਪੰਜਾਬ ਨੂੰ ਸਹੀ ਰਸਤੇ ਤੇ ਲਿਜਾ ਕੇ ਸਹੀ ਢੰਗ ਨਾਲ ਵਿਕਾਸ ਕਰ ਸਕੇ ਕਿਉਂਕਿ ਵਿਦੇਸ਼ਾਂ ਵਿੱਚ ਵੱਸ ਰਹੇ। ਇਹ ਐੱਨਆਰਆਈ ਤਕਰੀਬਨ ਹਰ ਪਾਰਟੀ ਨੂੰ ਅਜ਼ਮਾ ਚੁੱਕੇ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਲੋਕਾਂ ਨੂੰ ਹਰ ਵਾਰ ਜੋ ਉਮੀਦਾਂ ਸਰਕਾਰ ਤੋਂ ਹੁੰਦੀਆਂ ਹਨ ਸਰਕਾਰ ਉਨ੍ਹਾਂ ਨੂੰ ਪੂਰਾ ਨਹੀਂ ਕਰ ਪਾਉਂਦੀ।
ਐੱਨਆਰਆਈਜ਼ ਦੇ ਆਖਿਰ ਕੀ ਮੁੱਦੇ ਨੇ
ਪੰਜਾਬ ਤੋਂ ਜਾ ਕੇ ਵਿਦੇਸ਼ਾਂ ਵਿੱਚ ਵਸੇ ਇਨ੍ਹਾਂ ਐਨਆਰਆਈਜ਼ ਦੀਆਂ ਜ਼ਮੀਨਾਂ ਜਾਇਦਾਦਾਂ ਹਾਲੇ ਵੀ ਪੰਜਾਬ ਵਿੱਚ ਮੌਜੂਦ ਹਨ। ਜਦ ਇਹ ਲੋਕ ਪਰਿਵਾਰਾਂ ਸਮੇਤ ਇੱਥੋਂ ਵਿਦੇਸ਼ਾਂ ਵਿੱਚ ਰਹਿਣ ਲਈ ਚਲੇ ਜਾਂਦੇ ਹਨ ਤਾਂ ਇਨ੍ਹਾਂ ਜ਼ਮੀਨਾਂ ਜਾਇਦਾਦਾਂ ਨੂੰ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਅਤੇ ਹੋਰ ਸਕੇ ਸਬੰਧੀਆਂ ਦੇ ਸਪੁਰਦ ਕਰ ਜਾਂਦੇ ਹਨ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਇਨ੍ਹਾਂ ਸਗੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਐਨਆਰਆਈਜ਼ ਦੀਆਂ ਜਾਇਦਾਦਾਂ ’ਤੇ ਕਬਜ਼ਾ ਕਰ ਲਿਆ ਜਾਂਦਾ ਹੈ ਅਤੇ ਜਦੋ ਇਹ ਐਨਆਰਆਈਜ਼ ਵਾਪਸ ਆਪਣੇ ਪਿੰਡ ਪਰਤਦੇ ਹਨ ਅਤੇ ਆਪਣੀ ਜ਼ਮੀਨ ਜਾਇਦਾਦ ਨੂੰ ਖਾਲੀ ਕਰਾਉਣਾ ਚਾਹੁੰਦੇ ਹਨ ਉਸ ਸਮੇਂ ਇਨ੍ਹਾਂ ਦਾ ਸਰਕਾਰਾਂ ਸਾਥ ਦਿੰਦੀਆਂ ਹਨ। ਜਿਸ ਕਾਰਨ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਤੀਜੀ ਪੀੜੀ ਵੀ ਹੈ ਕਾਰਨ
ਪੰਜਾਬ ਦੇ ਉਹ ਲੋਕ ਜੋ 40-50 ਸਾਲ ਪਹਿਲਾਂ ਪੰਜਾਬ ਤੋਂ ਬਾਹਰ ਜਾ ਕੇ ਵਸੇ ਸੀ ਅਤੇ ਅੱਜ ਉੱਥੇ ਦੇ ਕਾਮਯਾਬ ਕਾਰੋਬਾਰੀ ਜਾਂ ਕਿਸਾਨ ਨੇ ਉਨ੍ਹਾਂ ਦੇ ਆਪਣੇ ਬੱਚਿਆਂ ਤਕ ਤਾਂ ਪੰਜਾਬ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਉਨ੍ਹਾਂ ਦਾ ਪੂਰਾ ਲਗਾਓ ਸੀ ਪਰ ਹੁਣ ਜਦੋ ਉਨ੍ਹਾਂ ਦੀ ਤੀਜੀ ਪੀੜ੍ਹੀ ਜਿਹੜੀ ਕਿ ਜੰਮੀ ਪਲੀ ਹੈ, ਵਿਦੇਸ਼ਾਂ ਵਿੱਚ ਹੈ ਉਹ ਪੰਜਾਬ ਵੱਲ ਆਪਣਾ ਰੁਖ ਨਹੀਂ ਕਰਦੀ ਅਤੇ ਉਨ੍ਹਾਂ ਤੋਂ ਜ਼ਿਆਦਾਤਰ ਪੰਜਾਬ ਆਉਣਾ ਹੀ ਨਹੀਂ ਚਾਹੁੰਦੇ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੇ ਪਿਤਾ ਨਾਲ ਉਨ੍ਹਾਂ ਦਾ ਕੋਈ ਲਗਾਓ ਨਹੀਂ ਅਤੇ ਜਦੋ ਅੱਜ ਉਨ੍ਹਾਂ ਦਾ ਆਪਣੇ ਪਿੰਡਾਂ ਨਾਲ ਹੀ ਕੋਈ ਲਗਾਓ ਨਹੀਂ ਤਾਂ ਉਹ ਪੰਜਾਬ ਦੀ ਰਾਜਨੀਤੀ ਨਾਲ ਕੋਈ ਵੀ ਸਰੋਕਾਰ ਨਹੀਂ ਰੱਖਦੇ।
ਕੋਵਿਡ ਵੀ ਬਣਿਆ ਇਸ ਦਾ ਇੱਕ ਮੁੱਖ ਕਾਰਨ
ਪਿਛਲੇ ਦੋ ਸਾਲਾਂ ਤੋਂ ਦੁਨੀਆਂ ਵਿੱਚ ਤਬਾਹੀ ਮਚਾ ਚੁੱਕੇ ਕੋਵਿਡ ਕਰਕੇ ਵੀ ਇਨ੍ਹਾਂ ਐਨਆਰਆਈਜ਼ ਦਾ ਪੰਜਾਬ ਆਉਣਾ ਜਾਣਾ ਬੰਦ ਹੋ ਚੁੱਕਿਆ ਸੀ। ਹੁਣ ਵੀ ਹਾਲਾਤ ਕੁਝ ਅਜਿਹੇ ਹੀ ਹਨ ਜੇ ਅੱਜ ਵੀ ਪੂਰੀ ਤਰ੍ਹਾਂ ਹਾਲਾਤ ਨਾ ਠੀਕ ਹੋਣ ਕਰਕੇ ਲੋਕ ਪੰਜਾਬ ਆਉਣ ਤੋਂ ਝਿਜਕਦੇ ਹਨ।
ਐਨਆਰਆਈਜ਼ ਦੇ ਰਿਸ਼ਤੇਦਾਰ ਵੀ ਕਰਦੇ ਰਹਿ ਗਏ ਉਨ੍ਹਾਂ ਦਾ ਇੰਤਜ਼ਾਰ
ਉੱਧਰ ਪੰਜਾਬ ਦੇ ਪਿੰਡਾਂ ਵਿੱਚ ਵੱਸ ਰਹੇ ਇਨ੍ਹਾਂ ਐਨਆਰਆਈਜ਼ ਦੇ ਰਿਸ਼ਤੇਦਾਰਾਂ ਦਾ ਵੀ ਕਹਿਣਾ ਹੈ ਇਹ ਲੋਕ ਹੁਣ ਪੰਜਾਬ ਆਪਣੇ ਪਿੰਡਾਂ ਵਿੱਚ ਨਹੀਂ ਆਉਣਾ ਚਾਹੁੰਦੇ ਅਤੇ ਇੱਥੇ ਪਈਆਂ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਅਤੇ ਕੋਠੀਆਂ ਨੂੰ ਵੀ ਵੇਚ ਰਹੇ ਹਨ। ਉਨ੍ਹਾਂ ਮੁਤਾਬਕ ਹੁਣ ਐਨਆਰਆਈਜ਼ ਦਾ ਪੂਰਾ ਧਿਆਨ ਆਪਣੀਆਂ ਕੋਠੀਆਂ ਅਤੇ ਜ਼ਮੀਨਾਂ ਜਾਇਦਾਦਾਂ ਨੂੰ ਵੇਚਣ ਵੱਲ ਹੈ। ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਲੱਖਾਂ ਕਰੋੜਾਂ ਦੀ ਲਾਗਤ ਨਾਲ ਬਣੀਆਂ ਇਹ ਕੋਠੀਆਂ ਕਿਸੇ ਸਮੇਂ ਪਿੰਡਾਂ ਦੀ ਸ਼ਾਨ ਹੁੰਦੀਆਂ ਸੀ ਪਰ ਅੱਜ ਇਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਗੇਟਾਂ ’ਤੇ ਤਾਲੇ ਜੜੇ ਹੋਏ ਹਨ। ਜੇਕਰ ਕੁਝ ਕੋਠੀਆਂ ਖੁੱਲ੍ਹਿਆ ਮਿਲਣ ਤਾਂ ਉਨ੍ਹਾਂ ਵਿੱਚ ਕੋਈ ਇੱਕਾ ਦੁੱਕਾ ਕਿਰਾਏਦਾਰ ਰੱਖੇ ਗਏ ਹਨ। ਦਰਅਸਲ, ਅੱਜ ਤੋਂ 30-40 ਸਾਲ ਪਹਿਲੇ ਵਿਦੇਸ਼ ਜਾ ਕੇ ਵਸੇ ਐਨਆਰਆਈ ਵੀ ਹੁਣ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਇਸ ਕਰਕੇ ਵੇਚ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਹੁਣ ਬੱਚੇ ਪੰਜਾਬ ਨਹੀਂ ਜਾਣਗੇ। ਇਸ ਗੱਲ ਨੂੰ ਦੇਖਦੇ ਹੋਏ ਕਿ ਬੱਚਿਆਂ ਦਾ ਰੁਝਾਨ ਹੁਣ ਪੰਜਾਬ ਵੱਲ ਨਹੀਂ ਹੈ ਇਹ ਆਪਣੀਆਂ ਜਾਇਦਾਦਾਂ ਨੂੰ ਵੇਚਣਾ ਚਾਹੁੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਦੀ ਕੋਠੀਆਂ ਤੇ ਕਬਜ਼ਾ ਕਰ ਲਿਆ ਜਾਵੇਗਾ।
ਖੈਰ ਹੁਣ ਇੱਕ ਵਾਰ ਫਿਰ ਦੇਖਣਾ ਇਹ ਹੋਵੇਗਾ ਕਿ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਐੱਨਆਰਆਈਜ਼ ਦੀ ਕਿੰਨੀ ਗਿਣਤੀ ਪੰਜਾਬ ਆ ਕੇ ਆਪਣੇ ਮਨਪਸੰਦ ਉਮੀਦਵਾਰ ਅਤੇ ਪਾਰਟੀ ਨੂੰ ਸਪੋਰਟ ਕਰਦੀ ਹੈ।
ਇਹ ਵੀ ਪੜੋ: ਮਜੀਠੀਆ ਦੀ ਗ੍ਰਿਫਤਾਰੀ 'ਤੇ 3 ਦਿਨ੍ਹਾਂ ਤੱਕ ਰੋਕ