ਜਲੰਧਰ: ਸਨਿੱਚਰਵਾਰ ਨੂੰ ਜ਼ਿਮਨੀ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕਰਨ ਲਈ ਭਾਜਪਾ ਤੇ ਅਕਾਲੀ ਦਲ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਸਬੰਧ ਵਿੱਚ ਅਕਾਲੀ ਦਲ ਦੇ ਪੂਰਵ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜ਼ਿਮਨੀ ਚੋਣਾਂ ਦੀ ਰਣਨੀਤੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਜ਼ਿਮਨੀ ਚੋਣਾਂ ਦੇ ਸਬੰਧਿਤ ਰਣਨੀਤੀਆਂ ਤਿਆਰ ਕੀਤੀਆਂ ਗਈਆਂ।
ਉੱਥੇ ਹਰਿਆਣਾ ਵਿੱਚ ਹੋਣ ਜਾ ਰਹੇ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਰਿਸ਼ਤੇ ਵਿੱਚ ਖਟਾਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ ਵਿੱਚ ਸ਼ੁਰੂ ਤੋਂ ਹੀ ਇਨ੍ਹਾਂ ਦੇ ਨਾਲ ਮਿਲ ਕੇ ਚੁਣਾਵ ਲੜਦੀ ਆ ਰਹੀ ਹੈ ਅਤੇ ਅਕਾਲੀ -ਭਾਜਪਾ ਗੱਠਜੋੜ ਮਜ਼ਬੂਤੀ ਅਤੇ ਦਲੇਰੀ ਨਾਲ ਜ਼ਿਮਨੀ ਚੋਣਾਂ ਲੜੇਗਾ ਅਤੇ ਅਕਾਲੀ-ਭਾਜਪਾ ਗੱਠਜੋੜ ਜ਼ਿਮਨੀ ਚੋਣਾਂ ਵਿੱਚ ਚਾਰੇ ਦੀਆਂ ਚਾਰੇ ਸੀਟਾਂ ਜਿੱਤੇਗਾ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੂਰਬ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮਿਲ ਕੇ ਇਸ ਸ਼ੁੱਭ ਦਿਹਾੜੇ ਨੂੰ ਮਨਾਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਜਿਨ੍ਹਾਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਇਸ ਦੌਰਾਨ ਅਕਾਲੀ ਦਲ-ਭਾਜਪਾ ਗੱਠਜੋੜ ਨੇ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਜ਼ੋਰੋਂ ਸ਼ੋਰਾਂ ਨਾਲ ਪ੍ਰਚਾਰ ਪ੍ਰਸਾਰ ਕਰ ਰਹੀਆਂ ਹਨ ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੌਣ ਜਿੱਤ ਕੇ ਆਪਣੀ ਪਾਰਟੀ ਨੂੰ ਅੱਗੇ ਲਿਆਉਂਦਾ ਹੈ।