ਜਲੰਧਰ: ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਚੋਣਾਂ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਦੀ ਅਗਵਾਈ ਵਿੱਚ ਇਸ ਪ੍ਰੈੱਸ ਕਾਨਫ਼ਰੰਸ ਕਰਵਾਈ ਗਈ। ਇਸ ਦੌਰਾਨ ਅਕਾਲੀ ਦਲ ਦੇ ਕਈ ਅਹੁਦੇਦਾਰਾਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ।
ਜੋ ਲੋਕ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਉਹਨਾਂ ਵਿੱਚੋਂ ਪ੍ਰੋਫ਼ੈਸਰ ਸਰਚਾਂਦ ਜੋ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਸੀ। ਰਾਜਪਾਲ ਚੌਹਾਨ ਅਕਾਲੀ ਦਲ ਦੇ ਸਪੋਰਟਸ ਵਿੰਗ ਦੇ ਅਹੁਦੇਦਾਰ, ਅੰਮ੍ਰਿਤਪਾਲ ਸਿੰਘ ਡੱਲੀ ਐਸ ਓ ਆਈ ਦੇ ਜ਼ੋਨਲ ਪ੍ਰੈਜ਼ੀਡੈਂਟ, ਗੁਰਵਿੰਦਰ ਸਿੰਘ ਭੱਟੀ ਜੋ ਕਿ ਅਕਾਲੀ ਦਲ ਦੇ ਕੋਰ ਗਰੁੱਪ ਦੇ ਮੈਂਬਰ ਰਹਿ ਚੁੱਕੇ ਨੇ, ਦੀਦਾਰ ਸਿੰਘ ਭੱਟੀ ਸਾਬਕਾ MLA ਫਤਹਿਗੜ੍ਹ ਸਾਹਿਬ ਮੁੱਖ ਹਨ।
ਭਾਜਪਾ ਕਦੀ ਵੀ ਆਪਣੇ ਸੀਐਮ ਦਾ ਚਿਹਰਾ ਇੰਨੀ ਜਲਦੀ ਨਹੀਂ ਕਰਦੀ ਘੋਸ਼ਿਤ
ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਦੀ ਵੀ ਏਨੀ ਜਲਦੀ ਆਪਣਾ ਸੀਐਮ ਦਾ ਚਿਹਰਾ ਘੋਸ਼ਿਤ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਪਾਰਟੀ ਬਹੁਤ ਚਿਰ ਬਾਅਦ ਕਿਸੇ ਸਟੇਟ ਵਿਚ ਆਪਣਾ ਸੀਐਮ ਦਾ ਚਿਹਰਾ ਘੋਸ਼ਿਤ ਕਰੇ ਪਰ ਆਮ ਤੌਰ ਤੇ ਭਾਰਤੀ ਜਨਤਾ ਪਾਰਟੀ ਇੱਕ ਲੋਕਤਾਂਤਰਿਕ ਪਾਰਟੀ ਹੈ ਅਤੇ ਸੀਐਮ ਦੇ ਚਿਹਰੇ ਨੂੰ ਕਦੀ ਵੀ ਪਹਿਲੇ ਘੋਸ਼ਿਤ ਨਹੀਂ ਕੀਤਾ ਜਾਂਦਾ।
ਕੇਜਰੀਵਾਲ ਕੋਲ ਕਿਹੜਾ ਪੰਡਤ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ 7 ਦਿਨ ਬਾਅਦ ਦਾ ਮਹੂਰਤ ਦੱਸਿਆ
ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਜਿੱਥੇ ਤੱਕ ਆਮ ਆਦਮੀ ਪਾਰਟੀ ਭਾਰਤ ਦੀ ਗੱਲ ਹੈ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਸੀਐਮ ਦਾ ਚਿਹਰਾ ਸੱਤ ਦਿਨਾਂ ਦੇ ਅੰਦਰ ਅੰਦਰ ਦੱਸ ਦੇਣਗੇ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਹੈ ਕਿ ਉਨ੍ਹਾਂ ਕੋਲ ਐਸਾ ਕਿਹੜਾ ਪੰਡਤ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ 7 ਦਿਨ ਬਾਅਦ ਦਾ ਮਹੂਰਤ ਦੱਸਿਆ ਹੈ। ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਆਮ ਤੌਰ ਤੇ ਸੀਐਮ ਦਾ ਚਿਹਰਾ ਉਹ ਪਾਰਟੀਆਂ ਘੋਸ਼ਿਤ ਕਰਦੀਆਂ ਨੇ ਜੋ ਅੱਜ ਤੱਕ ਕਿਸੇ ਵਿਅਕਤੀ ਵਿਸ਼ੇਸ਼ ਦੇ ਆਲੇ ਦੁਆਲੇ ਘੁੰਮਦੀਆਂ ਨੇ ਦੂਜਾ ਫਿਰ ਕਿਸੇ ਇੱਕ ਹੀ ਪਰਿਵਾਰ ਦੀਆਂ ਪਾਰਟੀਆਂ ਹੁੰਦੀਆਂ ਹਨ।
ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਿਸੇ ਵੀ ਦਲਿਤ ਚਿਹਰੇ ਦੀ ਗੱਲ ਕਦੀ ਨਹੀਂ ਕੀਤੀ ਗਈ। ਇਹ ਗੱਲ ਕਿਸੇ ਆਗੂ ਨੇ ਵਿਅਕਤੀਗਤ ਤੌਰ ਤੇ ਕਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਜਦੋਂ ਕਿਸੇ ਵਿਅਕਤੀ ਦੇ ਚਿਹਰੇ ਨੂੰ ਹੀ ਹਾਲੇ ਸਾਹਮਣੇ ਨਹੀਂ ਲਿਆਂਦਾ ਗਿਆ ਤੇ ਕਿਸੇ ਜਾਤੀ ਦੀ ਤਾਂ ਗੱਲ ਬਹੁਤ ਦੂਰ ਦੀ ਹੈ।
ਨਵਜੋਤ ਸਿੰਘ ਸਿੱਧੂ ਨੂੰ ਤਾਂ ਖੁਦ ਉਨ੍ਹਾਂ ਦੀ ਪਾਰਟੀ ਹੀ ਸੀਰੀਅਸ ਨਹੀਂ ਲੈਂਦੀ
ਗਜੇਂਦਰ ਸ਼ੇਖਾਵਤ ਨੂੰ ਜਦ ਪੱਤਰਕਾਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਇਕ ਬਿਆਨ ਉੱਪਰ ਕਿਹਾ ਕਿ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸੀਐਮ ਲੋਕ ਨਿਰਧਾਰਿਤ ਕਰਨਗੇ ਹਾਈ ਕਮਾਨ ਨਹੀਂ। ਇਸ ਤੇ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਨਾ ਹੁਣ ਉਨ੍ਹਾਂ ਦੀ ਪਾਰਟੀ ਸੀਰੀਅਸਲੀ ਲੈਂਦੀ ਹੈ ਅਤੇ ਨਾ ਹੀ ਪੰਜਾਬ ਦੇ ਲੋਕ ਇਸ ਕਰਕੇ ਉਨ੍ਹਾਂ ਦੀ ਗੱਲ ਤੇ ਟਿੱਪਣੀ ਕਰਨਾ ਬੇਕਾਰ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਿਸ ਵੇਲੇ ਕੀ ਅਤੇ ਕਿਸ ਨੂੰ ਬੋਲਦੇ ਨੇ ਇਸ ਤੇ ਟਿੱਪਣੀ ਕਰਨਾ ਇਕ ਸਮਾਨ ਆਦਮੀ ਦੇ ਵੱਸ ਦੀ ਗੱਲ ਨਹੀਂ। ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਟਿੱਪਣੀ ਅੱਜ ਕਿਸੇ ਇਨਸਾਨ ਬਾਰੇ ਕਰਦੇ ਨੇ ਥੋੜ੍ਹੇ ਦਿਨਾਂ ਬਾਅਦ ਉਹੀ ਟਿੱਪਣੀ ਕਿਸੇ ਦੂਸਰੇ ਇਨਸਾਨ ਬਾਰੇ ਕਰਦੇ ਹਨ, ਹੋ ਸਕਦਾ ਥੋੜ੍ਹੇ ਦਿਨਾਂ ਬਾਅਦ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਲਈ ਇਹ ਵਾਲੀ ਟਿੱਪਣੀ ਕਰਦੇ ਹੋਏ ਨਜ਼ਰ ਆਉਣ।
ਮਜੀਠੀਆ ਤੇ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ ਤੇ ਉਨ੍ਹਾਂ ਨੂੰ ਉਹ ਕੰਮ ਕਰਨ ਦੇਣਾ ਚਾਹੀਦਾ ਹੈ
ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਉੱਪਰ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਕੰਮ ਏਜੰਸੀਆਂ ਕਰ ਰਹੀਆਂ ਨੇ ਅਤੇ ਜੋ ਕੰਮ ਇਸ ਵੇਲੇ ਏਜੰਸੀਆਂ ਕਰ ਰਹੀਆਂ ਨੇ ਉਸ ਤੇ ਕੁਝ ਕਹਿਣਾ ਠੀਕ ਨਹੀਂ ਹੋਵੇਗਾ।
ਭਾਜਪਾ ਜਲਦ ਕਰੇਗੀ ਆਪਣੇ ਉਮੀਦਵਾਰਾਂ ਦਾ ਐਲਾਨ
ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਗਰਾਊਂਡ ਲੈਵਲ ਤੇ ਆਪਣੇ ਕਾਰਜਕਰਤਾਵਾਂ ਅਤੇ ਛੋਟੇ ਤੋਂ ਲੈ ਕੇ ਵੱਡੇ ਨੇਤਾਵਾਂ ਤੱਕ ਇਸ ਗੱਲ ਤੇ ਮੰਥਨ ਚੱਲ ਰਿਹਾ ਹੈ ਕਿ ਇਸ ਇਲਾਕੇ ਤੋਂ ਕਿਸ ਉਮੀਦਵਾਰ ਨੂੰ ਸੀਟ ਦਿੱਤੀ ਜਾਵੇ ਕਿਉਂਕਿ ਭਾਰਤੀ ਜਨਤਾ ਪਾਰਟੀ ਵਿਚ ਲੋਕਤਾਂਤਰਿਕ ਤਰੀਕੇ ਨਾਲ ਕੰਮ ਹੁੰਦਾ ਹੈ, ਜੋ ਰਿਪੋਰਟ ਉਨ੍ਹਾਂ ਨੂੰ ਉਨ੍ਹਾਂ ਦੀ ਟੀਮ ਦਵੇਗੀ ਉਸ ਹਿਸਾਬ ਨਾਲ ਉਮੀਦਵਾਰ ਘੋਸ਼ਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ: SKM ਦੀ ਮੀਟਿੰਗ 'ਚ ਚੋਣਾਂ ਲੜਨ ਵਾਲੀਆਂ ਜੱਥੇਬੰਦੀਆਂ ਨੂੰ ਕੀਤਾ ਜਾਵੇਗਾ ਬਾਹਰ !