ਜਲੰਧਰ: ਦੇਸ਼ ਦੀ ਮਸ਼ਹੂਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਕਿਹਾ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਇਕ ਮਹਿਲਾ ਪ੍ਰੋਫ਼ੈਸਰ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਪਾਈ ਗਈ ਸੀ ਜਿਸ 'ਚ ਉਸ ਨੇ ਭਗਵਾਨ ਸ੍ਰੀ ਰਾਮ ਨੂੰ ਸ਼ਾਤਿਰ ਦੱਸਿਆ ਸੀ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਇਸ ਗੱਲ 'ਤੇ ਖੇਦ ਜਤਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦੀ ਇੱਕ ਪ੍ਰੋਫ਼ੈਸਰ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਸ ਮਹਿਲਾ ਪ੍ਰੋਫੈਸਰ ਨੇ ਆਪਣੀ ਇਕ ਵੀਡੀਓ 'ਚ ਸ੍ਰੀਰਾਮ ਨੂੰ ਸ਼ਾਤਿਰ ਅਤੇ ਰਾਵਣ ਨੂੰ ਨੇਕ ਦਿਲ ਕਿਹਾ ਹੈ ਉਸ ਪ੍ਰੋਫੈਸਰ ਨੂੰ ਯੂਨੀਵਰਸਿਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਇੱਕ ਧਰਮ ਨਿਰਪੇਖ ਯੂਨੀਵਰਸਿਟੀ ਹੈ ਅਤੇ ਪ੍ਰੋਫ਼ੈਸਰ ਵੱਲੋਂ ਜੋ ਵੀਡਿਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਗਈ ਸੀ। ਉਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਅਤੇ ਇਹ ਪ੍ਰੋਫੈਸਰ ਦਾ ਆਪਣਾ ਨਿੱਜੀ ਵਿਚਾਰ ਹੈ।
ਜ਼ਿਕਰਯੋਗ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਮਹਿਲਾ ਪ੍ਰੋਫ਼ੈਸਰ ਗੁਰਸੰਗਤ ਪ੍ਰੀਤ ਕੌਰ ਨੇ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਭਗਵਾਨ ਸ੍ਰੀ ਰਾਮ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਗਈ ਸੀ। ਇਸ ਵੀਡੀਓ 'ਚ ਪ੍ਰੋਫੈਸਰ ਵੱਲੋਂ ਕਿਹਾ ਗਿਆ ਸੀ ਕਿ ਸ੍ਰੀ ਰਾਮ ਨੇ ਰਾਵਣ ਨੂੰ ਮਾਰਨ ਲਈ ਸੀਤਾ ਦੇ ਅਗਵਾਹ ਦੀ ਸਾਜਿਸ਼ ਕੀਤੀ ਸੀ।
ਇਹ ਵੀ ਪੜ੍ਹੋ:- ਨਿਸ਼ਾਨੇ 'ਤੇ AAP: ਕੇਜਰੀਵਾਲ ਦਾ ਬਿਆਨ-"1 ਅਪ੍ਰੈਲ ਤੋਂ ਕੋਈ ਖੁਦਕੁਸ਼ੀ ਨਹੀਂ", ਵਿਰੋਧੀਆਂ ਨੇ ਕਿਹਾ-"ਅਪ੍ਰੈਲ ਫੂਲ ਬਣਾਇਆ"