ਜਲੰਧਰ: ਪੰਜਾਬ 'ਚ ਹੜ੍ਹਾਂ ਕਾਰਨ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਇਸ ਤਬਾਹੀ ਕਾਰਨ ਕਈ ਬੰਨ੍ਹ ਟੁੱਟੇ ਹਨ। ਜਿਨ੍ਹਾਂ ਨੂੰ ਭਰਨ ਦਾ ਕੰਮ ਜਾਰੀ ਹੈ। ਧੁੱਸੀ ਬੰਨ੍ਹ ’ਤੇ ਪਏ 925 ਫੁੱਟ ਚੌੜੇ ਪਾੜ ਦੀ ਮੁਰੰਮਤ ਦਾ ਕੰਮ ਪਿਛਲੇ 3 ਹਫ਼ਤਿਆਂ ਤੋਂ ਚੱਲ ਰਿਹਾ ਹੈ। ਪਾੜ ਨਾ ਸਿਰਫ਼ ਚੌੜਾ ਹੈ ਸਗੋਂ 30 ਤੋਂ 35 ਫੁੱਟ ਡੂੰਘਾ ਹੈ, ਇਸ ਲਈ ਪਾੜ ਨੂੰ ਪੁੱਟਣ ਲਈ ਲੱਖਾਂ ਬੋਰੀਆਂ ਦੀ ਲੋੜ ਹੈ। ਹੁਣ ਇਸ ਬੰਨ੍ਹ ਦੀ ਮੁੰਰਮਤ 'ਚ ਔਰਤਾਂ ਵੀ ਮਰਦਾਂ ਦੇ ਮੌਢੇ ਨਾਲ ਮੌਢਾ ਲਾ ਕੇ ਕੰਮ ਰਹੀਆਂ ਹਨ।
ਪਹਿਲ ਕਦਮੀ: ਲਿੰਗ ਸਮਾਨਤਾ ਅਤੇ ਭਾਰੀਚਾਰਕ ਸਾਂਝ ਨੂੰ ਸਮਝਣ ਅਤੇ ਸਮਝਾਉਣ ਲਈ ਇਹ ਇੱਕ ਪਹਿਲ ਕਦਮੀ ਹੈ। ਜਿਸ 'ਚ ਔਰਤਾਂ ਸਵੈਇੱਛਾ ਨਾਲ ਧੁੱਸੀ ਬੰਨ੍ਹ ਦੀ ਮੁਰੰਮਤ ਦੇ ਕੰਮ 'ਚ ਰੁੱਝੀਆਂ ਹੋਈਆਂ ਹਨ। ਪਹਿਲਾਂ ਸਿਰਫ਼ ਕਾਰ ਸੇਵਕਾਂ ਦੇ ਇੱਕ ਸਮੂਹ ਵੱਲੋਂ ਬੰਨ੍ਹ ਨੂੰ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ, ਪਰ ਹੁਣ ਇੰਨ੍ਹਾਂ ਵਲੰਟੀਅਰਾਂ ਦੇ ਸਮੂਹ ਨਾਲ ਮਹਿਲਾਂ ਕਾਰ ਸੇਵਕਾਂ ਨੂੰ ਵੀ ਆਪਣੇ ਮੌਢਿਆਂ ਜਾਂ ਸਿਰਾਂ 'ਤੇ ਰੇਤ ਦੇ ਥੈਲੇ ਚੁੱਕਦੇ ਦੇਖਿਆ ਗਿਆ ਹੈ।
ਗੁਰਬਖਸ਼ ਕੌਰ ਦਾ ਪੱਖ: ਇਸ ਨੂੰ ਲੈ ਕੇ ਗੁਰਬਖਸ਼ ਕੌਰ ਦਾ ਮੰਨਣਾ ਹੈ ਕਿ ਪਹਿਲਾਂ ਅਸੀਂ ਲੰਗਰ ਤਿਆਰ ਕਰਦੀਆਂ ਸੀ ਅਤੇ ਹੋਰ ਕਈ ਗਤੀਵਿਧੀਆਂ 'ਚ ਹਿੱਸਾ ਲੈਣ ਦਾ ਕੰਮ ਕਰਦੀਆਂ ਸੀ ਪਰ ਹੁਣ ਅਸੀਂ ਇਹ ਕੰਮ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਔਰਤਾਂ ਦੀ ਟੀਮ ਦੀ ਗੁਰਬਖਸ਼ ਕੌਰ ਕੌਰ ਅਗਵਾਈ ਕਰ ਰਹੀ ਹੈ। ਪਿੰਡ ਸੋਹਲ ਜਗੀਰ ਦੀ ਰਹਿਣ ਵਾਲੀ 30 ਸਾਲਾਂ ਦੀ ਕੁਲਵਿੰਦਰ ਕੌਰ ਵੀ ਹੱਥੀਂ ਕੰਮ ਵਿੱਚ ਰੁੱਝੀ ਹੋਈ ਸੀ। ਉਨ੍ਹਾਂ ਕਿਹਾ ਕਿ ਜੇਕਰ ਮਰਦ ਆਪਦਾ ਪ੍ਰਬੰਧਨ ਦੇ ਕੰਮ ਵਿੱਚ ਹਿੱਸਾ ਲੈ ਸਕਦੇ ਹਨ ਤਾਂ ਔਰਤਾਂ ਕਿਉਂ ਨਹੀਂ। ਉਨ੍ਹਾਂ ਆਖਿਆ ਕਿ ਕੰਮ ਨੂੰ ਤੇਜ਼ ਕਰਨ ਲਈ ਹਰ ਕਿਸੇ ਨੂੰ ਇਸ ਕੰਮ 'ਚ ਹਿੱਸਾ ਲੈਣਾ ਚਾਹੀਦਾ ਹੈ।
ਦੋਵੇਂ ਪਾਸਿਆਂ ਤੋਂ ਬੰਨ੍ਹ ਦੀ ਮੁਰੰਮਤ: ਧੁੱਸੀ ਬੰਨ੍ਹ ਦੀ ਮੁਰੰਮਤ ਦੋਵੇਂ ਪਾਸਿਆਂ ਤੋਂ ਕੀਤੀ ਜਾ ਰਹੀ ਹੈ। ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ, ਡਰੇਨੇਜ ਅਤੇ ਮਾਈਨਿੰਗ ਵਿਭਾਗ ਦੁਆਰਾ ਅਤੇ ਦੂਜੇ ਪਾਸੇ 'ਆਪ' ਸੰਸਦ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਕਾਰ ਸੇਵਕਾਂ ਦੁਆਰਾ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।