ਜਲੰਧਰ: ਇਸ ਵਾਰ ਦੀਆਂ ਟੋਕੀਓ ਓਲੰਪਿਕ ਖੇਡਾਂ ਚ ਭਾਰਤੀ ਹਾਕੀ ਟੀਮ ਦੇ ਤਕਰੀਬਨ ਅੱਧੇ ਖਿਡਾਰੀ ਪੰਜਾਬ ਦੇ ਹੀ ਹਨ। ਇਨ੍ਹਾਂ ਖਿਡਾਰੀਆਂ 4 ਖਿਡਾਰੀ ਜਲੰਧਰ ਦੇ ਹੀ ਹਨ। ਦੱਸ ਦਈਏ ਕਿ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਲ ਨਾਲ ਮਨਦੀਪ ਸਿੰਘ ਉਰਫ ਵਰੁਣ ਕੁਮਾਰ ਅਜਿਹੇ ਖਿਡਾਰੀ ਹਨ ਜੋ ਕਿ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਇੱਕੋ ਹਾਕੀ ਗਰਾਊਂਡ ਚ ਹਾਕੀ ਖੇਡ ਕੇ ਇਸ ਮੁਕਾਮ ਨੂੰ ਹਾਸਿਲ ਕੀਤਾ ਹੈ।
ਜਲੰਧਰ ਦੇ ਓਲੰਪਿਕ ਖੇਡਾਂ ਚ 4 ਖਿਡਾਰੀ
ਜ਼ਿਲ੍ਹੇ ਦੇ ਮਿੱਠਾਪੁਰ ਪਿੰਡ ਦੇ ਸ਼ਹੀਦ ਦਰਸ਼ਨ ਸਿੰਘ ਕੇਪੀ ਸਟੇਡੀਅਮ ਮਿੱਠਾਪੁਰ ਬਾਰੇ ਜੇਕਰ ਅਜਿਹਾ ਕਿਹਾ ਜਾਵੇ ਕਿ ਇਹ ਗਰਾਊਂਡ ਹਾਕੀ ਦੇ ਉਲੰਪੀਅਨ ਪੈਦਾ ਕਰਦੀ ਹੈ ਤਾਂ ਗਲਤ ਨਹੀਂ ਹੋਵੇਗਾ। ਦੱਸ ਦਈਏ ਕਿ ਇਸ ਗਰਾਊਂਡ ਤੋਂ 6 ਖਿਡਾਰੀ ਉਲੰਪੀਅਨ ਬਣ ਚੁੱਕੇ ਹਨ। ਇਹੀ ਨਹੀਂ ਇਨ੍ਹਾਂ ਵਿੱਚੋਂ ਦੋ ਤਾਂ ਓਲੰਪਿਕ ਵਿੱਚ ਭਾਰਤੀ ਟੀਮ ਦੀ ਕਪਤਾਨੀ ਵੀ ਕਰ ਚੁੱਕੇ ਹਨ। ਮਿੱਠਾਪੁਰ ਦੀ ਇਸ ਗਰਾਊਂਡ ਵਿੱਚੋਂ ਪਹਿਲੇ ਓਲੰਪੀਅਨ 1952 ਵਿੱਚ ਸਰਦਾਰ ਸਰੂਪ ਸਿੰਘ ਹੋਏ ਸੀ ,ਇਸ ਤੋਂ ਬਾਅਦ ਦੂਜੇ ਓਲੰਪੀਅਨ 1972 ਵਿੱਚ ਸਰਦਾਰ ਕੁਲਵੰਤ ਸਿੰਘ ਹੋਏ। ਇਨ੍ਹਾਂ ਖਿਡਾਰੀਆਂ ਨੇ ਪੂਰੀ ਦੁਨੀਆ ਚ ਆਪਣਾ ਸਿੱਕਾ ਜਮਾਇਆ।
ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੇ ਕਪਤਾਨ
ਇਸ ਤੋਂ ਇਲਾਵਾ ਜੇ ਹੁਣ ਦੀ ਗੱਲ ਕਰੀਏ ਤਾਂ ਇਸੇ ਗਰਾਊਂਡ ਤੋਂ ਹਾਕੀ ਖੇਡ ਕੇ ਅਤੇ ਸਿਖ ਕੇ ਜਾਪਾਨ ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਤਿੰਨ ਖਿਡਾਰੀ ਗਏ ਹਨ ਜਿਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ ਇਸ ਵੇਲੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਬਾਕੀ ਦੋ ਖਿਲਾੜੀ ਮਨਦੀਪ ਸਿੰਘ ਅਤੇ ਵਰੁਣ ਕੁਮਾਰ ਵੀ ਇਸ ਟੀਮ ਦਾ ਹਿੱਸਾ ਬਣੇ।
ਦੱਸ ਦਈਏ ਕਿ ਹਾਕੀ ਗਰਾਊਂਡ ਅਜੇ ਵੀ ਸ਼ਾਮ ਨੂੰ ਉਨ੍ਹਾਂ ਹਾਕੀ ਖਿਡਾਰੀਆਂ ਅਤੇ ਬੱਚਿਆਂ ਨਾਲ ਭਰੀ ਹੁੰਦੀ ਹੈ ਜੋ ਆਉਣ ਵਾਲੇ ਸਮੇਂ ਵਿਚ ਹਾਕੀ ਦਾ ਸਿਤਾਰਾ ਬਣਨਾ ਚਾਹੁੰਦੇ ਹਨ। ਗਰਾਊਂਡ ਦੇ ਕੋਚ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਜ਼ਿਆਦਾ ਮਾਣ ਵਾਲੀ ਕਿਹੜੀ ਗੱਲ ਹੋ ਸਕਦੀ ਹੈ ਜਦੋ ਭਾਰਤ ਦੇਸ਼ ਤੋਂ ਕਿਸੇ ਟੀਮ ਦਾ ਖਿਡਾਰੀ ਕਪਤਾਨ ਜਲੰਧਰ ਤੋਂ ਚੁਣਿਆ ਗਿਆ ਹੋਵੇ। ਉਹ ਵੀ ਜਲੰਧਰ ਦੇ ਮਿੱਠਾਪੁਰ ਪਿੰਡ ਦੇ ਇਸ ਗਰਾਊਂਡ ਤੋਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਖਿਡਾਰੀ ਦੇ ਲਈ ਹਰ ਕਿਸੇ ਦਾ ਆਪਣਾ ਆਪਣਾ ਯੋਗਦਾਨ ਹੁੰਦਾ ਹੈ।
ਹਾਕੀ ਦੇ ਓਲੰਪੀਅਨ ਬਣਨਾ ਚਾਹੁੰਦੇ ਹਨ ਬੱਚੇ
ਉੱਧਰ ਇਸ ਗਰਾਊਂਡ ਵਿੱਚ ਹਾਕੀ ਖੇਡਣ ਵਾਲੇ ਬੱਚੇ ਵੀ ਇਸ ਗੱਲ ’ਤੇ ਬਹੁਤ ਮਾਣ ਕਰਦੇ ਹਨ ਕਿ ਉਹ ਉਸ ਗਰਾਊਂਡ ਵਿੱਚ ਹਾਕੀ ਦੀ ਪ੍ਰੈਕਟਿਸ ਕਰਦੇ ਹਨ ਜਿਸ ਗਰਾਊਂਡ ਵਿੱਚੋਂ ਤਕਰੀਬਨ ਹਰ ਓਲੰਪਿਕ ਵਿੱਚ ਇੱਕ ਖਿਡਾਰੀ ਜ਼ਰੂਰ ਜਾਂਦਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇੱਕ ਦਿਨ ਉਹ ਖ਼ੁਦ ਵੀ ਇਸੇ ਤਰ੍ਹਾਂ ਇਸੇ ਗਰਾਊਂਡ ਤੋਂ ਖੇਡ ਕੇ ਹਾਕੀ ਦੇ ਓਲੰਪੀਅਨ ਬਣਨਾ ਚਾਹੁੰਦੇ ਹਨ।
ਦੂਜੇ ਪਾਸੇ ਮਿੱਠਾਪੁਰ ਪਿੰਡ ਦੇ ਲੋਕ ਵੀ ਇਸ ਗੱਲ ’ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਪਿੰਡ ਦੀ ਮਿੱਟੀ ਨੂੰ ਹਾਕੀ ਓਲੰਪੀਅਨ ਖਿਡਾਰੀ ਪੈਦਾ ਕਰਨ ਦੀ ਮਿੱਟੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੜਾ ਮਾਣ ਹੈ ਕਿ ਪਿੰਡ ਦਾ ਕੋਈ ਨਾ ਕੋਈ ਖਿਡਾਰੀ ਜ਼ਰੂਰ ਓਲੰਪਿਕ ਵਿਚ ਜਾ ਕੇ ਪਿੰਡ ਦਾ ਮਾਣ ਵਧਾਉਂਦਾ ਹੈ।
ਇਹ ਵੀ ਪੜੋ: ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਖਿਡਾਰੀਆਂ ਦੇ ਪਰਿਵਾਰਾਂ 'ਚ ਖੁਸ਼ੀ