ਜਲੰਧਰ: ਪੰਜਾਬ ਪੁਲਿਸ ਨਸ਼ਿਆਂ ਖਿਲਾਫ਼ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਉੱਤੇ ਲਗਾਤਾਰ ਕਾਰਾਵਾਈ ਕਰ ਰਹੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਛਾਪੇ ਵੀ ਮਾਰੇ ਜਾ ਰਹੇ ਹਨ ਅਤੇ ਇਸ ਅਪਰਾਧ ਵਿੱਚ ਲੱਗੇ ਲੋਕਾਂ ਉੱਤੇ ਪਰਚੇ ਵੀ ਦਰਜ ਹੋ ਰਹੇ ਹਨ। ਇਸੇ ਕੜੀ ਤਹਿਤ ਜਲੰਧਰ ਪੁਲਿਸ ਨੂੰ ਵੀ ਵੱਡੀ ਸਫਲਤਾ ਮਿਲੀ ਹੈ। ਜਲੰਧਰ ਪੁਲਿਸ ਕਮਿਸ਼ਨਰੇਟ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ
ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਬੂ ਆਇਆ ਮੁਲਜ਼ਮ: ਹੈਰੋਇਨ ਸਣੇ ਫੜੇ ਗਏ ਵਿਅਕਤੀ ਬਾਰੇ ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਨੂੰ ਜਲੰਧਰ ਦੇ ਮਾਤਾ ਰਾਣੀ ਚੌਂਕ ਦੇ ਮਾਡਲ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਦੀ ਗ੍ਰਿਫਤਾਰੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਸੀਆਈਏ ਸਟਾਫ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਨੇ ਮਾਤਾ ਰਾਣੀ ਚੌਕ, ਮਾਡਲ ਹਾਊਸ, ਜਲੰਧਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੈਰਸਮਾਜੀ ਲੋਕਾਂ ਦੀ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਦੇ ਨਾਲ ਨਾਲ ਵਿਸ਼ੇਸ਼ ਚੈਕਿੰਗ ਵੀ ਕੀਤੀ ਜਾ ਰਹੀ ਸੀ।
ਮੁਲਜਮ ਉੱਤੇ ਪਹਿਲਾਂ ਵੀ ਦਰਜ ਹਨ ਮਾਮਲੇ: ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵੀਰ ਬਬਰੀਕ ਚੌਂਕ ਪਾਸਿਓਂ ਇੱਕ ਕਾਲੇ ਰੰਗ ਦੇ ਮੋਟਰਸਾਈਕਲ ਉੱਤੇ ਸਵਾਰ ਅਵਤਾਰ ਸਿੰਘ ਉਰਫ ਪੱਡਾ ਪੁੱਤਰ ਤਲਵਿੰਦਰ ਸਿੰਘ ਵਾਸੀ ਖਡੂਰ ਸਾਹਿਬ ਜਿਲ੍ਹਾ ਤਰਨਤਾਰਨ ਆ ਰਿਹਾ ਸੀ ਇਸਨੂੰ ਸ਼ੱਕ ਦੇ ਆਧਾਰ ਉੱਤੇ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਮੁਲਜ਼ਮ ਪਾਸੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੁਲਜ਼ਮ ਉੱਤੇ ਪਹਿਲਾਂ ਵੀ 10 ਦੇ ਕਰੀਬ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: Cabinet ministers reached Harike: ਹਰੀਕੇ ਵਿਖੇ ਕਰੋੜਾਂ ਦੀ ਲਾਗਤ ਨਾਲ ਬਣੇਗਾ ਡਿਜੀਟਲ ਵਿਆਖਿਆ ਕੇਂਦਰ
ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈ: ਇਹ ਵੀ ਯਾਦ ਰਹੇ ਕਿ ਪੰਜਾਬ ਪੁਲਿਸ ਨੇ ਜਨਵਰੀ ਮਹੀਨੇ ਦੇ ਅਖੀਰਲੇ ਹਫਤੇ 257 ਦੇ ਕਰੀਬ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਕੋਲੋਂ 16 ਕਿਲੋ ਹੈਰੋਇਨ ਅਫੀਮ, ਭੁੱਕੀ ਅਤੇ ਹੋਰ ਨਸ਼ਾ ਫੜਿਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਡਰੱਗ ਮਨੀ ਵੀ ਫੜੀ ਹੈ। ਦੱਸਿਆ ਗਿਆ ਹੈ ਕਿ 241 ਦੇ ਕਰੀਬ ਨਸ਼ਾ ਸਪਲਾਈ ਕਰਨ ਵਾਲੇ ਵੀ ਫੜੇ ਗਏ ਹਨ।