ਜਲੰਧਰ : ਸ਼ਹਿਰ 'ਚ ਗੋਲੀਆਂ ਚਲਾਉਣੀਆਂ ਆਮ ਗੱਲ ਹੋ ਗਈ ਹੈ। ਅਜਿਹਾ ਹੀ, ਇੱਕ ਮਾਮਲਾ ਲਾਂਬੜਾ ਥਾਣੇ ਅਧੀਨ ਪੈਂਦੇ ਪਿੰਡ ਅਠੌਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਟਰੈਕਟਰ ਸਵਾਰ ਕਿਸਾਨ ਗੁਰਮੀਤ ਸਿੰਘ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ। ਇਸ ਘਟਨਾ ਨੂੰ ਲੈ ਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਖ਼ਮੀ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ।
ਪੈਲੀ ਵਾਹ ਕੇ ਆਉਂਦੇ ਸਮੇਂ ਕੀਤਾ ਹਮਲਾ: ਗੁਰਮੀਤ ਦੀ ਮਾਤਾ ਸੁੱਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਹੋਰ ਪੈਲੀ ਵੀ ਚੁੱਕੀ ਹੈ, ਉਸ ਨੂੰ ਵਾਹੁਣ ਤੋਂ ਬਾਅਦ, ਜਦੋਂ ਉਹ ਸਾਡੀ ਆਪਣੀ ਪੈਲੀ ਵੱਲ ਟਰੈਕਟਰ ਚਲਾ ਕੇ ਆ ਰਿਹਾ ਸੀ। ਉਸ ਦੇ ਕੋਲ ਖੜੇ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਗੋਸ਼ੇ (ਗੁਰਮੀਤ ਸਿੰਘ) ਨੂੰ ਗੋਲੀ ਮਾਰ ਦਿੱਤੀ ਗਈ। ਫਿਰ ਗੁਆਂਢੀਆਂ ਦੀ ਮਦਦ ਨਾਲ ਜਖਮੀ ਗੁਰਮੀਤ ਨੂੰ ਹਸਪਤਾਲ ਲਿਆਂਦਾ ਗਿਆ। ਮਾਤਾ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਗੋਲੀਆਂ ਮਾਰਨ ਵਾਲੇ ਕੌਣ ਸਨ।
ਗੋਲੀ ਚਲਾਉਣ ਵਾਲੇ ਅਣਪਛਾਤੇ: ਗੋਲੀਬਾਰੀ ਦੀ ਸੂਚਨਾ ਮਿਲਦੇ ਹੀ, ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਐੱਸਐੱਚਓ ਅਮਨ ਸੈਣੀ ਨੇ ਦੱਸਿਆ ਕਿ ਕਿਸਾਨ ਗੁਰਮੀਤ ਸਿੰਘ ਪਿੰਡ ਕੋਹਾਲਾ ਤੋਂ ਅਠੌਲਾ ਵੱਲ ਜਾ ਰਿਹਾ ਸੀ, ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ: ਐੱਸਐੱਚਓ ਅਮਨ ਸੈਣੀ ਨੇ ਕਿਹਾ ਜਦੋਂ ਗੁਰਮੀਤ ਦੇ ਬਿਆਨ ਲਏ ਜਾਣਗੇ, ਤਾਂ ਹੀ ਕੁਝ ਪਤਾ ਲੱਗ ਸਕੇਗਾ ਕਿ ਗੋਲੀਆਂ ਚਲਾਉਣ ਵਾਲੇ ਉਸ ਦੇ ਜਾਣਕਾਰ ਸਨ, ਜਾਂ ਕੋਈ ਅਣਪਛਾਤੇ। ਕੋਈ ਰੰਜਿਸ਼ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਉਸ ਰਸਤੇ ਵਿੱਚ ਲੱਗੇ ਸਾਰੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ, ਤਾਂ ਜੋ ਵਾਰਦਾਤ ਦੇ ਸਮੇਂ ਤੋਂ ਪਹਿਲਾਂ ਉਥੋਂ ਕੌਣ-ਕੌਣ ਸ਼ੱਕੀ ਗੁਜ਼ਰਿਆ ਹੈ, ਉਸ ਦੀ ਪਛਾਣ ਹੋ ਸਕੇ।
ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦਾ ਆਪ੍ਰੇਸ਼ਨ ਹੋਇਆ ਹੈ। ਗੁਰਮੀਤ ਨੂੰ ਦੋ ਗੋਲੀਆਂ ਲੱਗੀਆਂ। ਘਟਨਾ ਸਬੰਧੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।