ਜਲੰਧਰ: ਸਿਹਤ ਵਿਭਾਗ ਵੱਲੋਂ ਐਤਵਾਰ ਰਾਤ ਨੂੰ ਇੱਕ ਕੋਰੋਨਾ ਪੌਜ਼ੀਟਿਵ ਆਏ ਮਰੀਜ਼ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਵਾਰ ਸਿਹਤ ਪ੍ਰਸ਼ਾਸਨ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ ਕਿਉਂਕਿ ਆਮ ਤੌਰ 'ਤੇ ਜੇਕਰ ਕਿਸੇ ਮਰੀਜ਼ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਕੇ ਉਸ ਦੇ ਟੈਸਟ ਕੀਤੇ ਜਾਂਦੇ ਹਨ। ਇਸ ਦੇ ਉਲਟ ਇਸ ਵਾਰ ਮਰੀਜ਼ ਦਾ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਘਰੋਂ ਹਸਪਤਾਲ ਸ਼ਿਫਟ ਕੀਤਾ ਗਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ 39 ਸਾਲਾ ਲਖਵੀਰ ਕੁਮਾਰ ਨਾਂਅ ਦਾ ਵਿਅਕਤੀ ਜਲੰਧਰ ਦੇ ਇੱਕ ਨਾਮੀਂ ਅਖ਼ਬਾਰ ਵਿੱਚ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਉਥੋਂ ਇੱਕ ਹੋਰ ਮਾਮਲਾ ਵੀ ਸਾਹਮਣੇ ਆਇਆ ਸੀ। ਹੁਣ ਸਿਹਤ ਵਿਭਾਗ ਵੱਲੋਂ ਪੌਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਭਾਲ ਕਰਕੇ ਉਨ੍ਹਾਂ ਨੂੰ ਕੁਆਰੰਨਟਾਈਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕੈਪਟਨ ਨੇ 3 ਤਾਰੀਕ ਤੱਕ ਕਰਫਿਊ 'ਚ ਕੋਈ ਵੀ ਰਾਹਤ ਦੇਣ ਤੋਂ ਕੀਤਾ ਸਾਫ਼ ਇਨਕਾਰ
ਫਿਲਹਾਲ ਦੀ ਘੜੀ ਪ੍ਰਸ਼ਾਸਨ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਇਲਾਕੇ ਦੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ। ਇਸ ਤੋਂ ਕਿਸੇ ਸ਼ੱਕੀ ਮਰੀਜ਼ ਨੂੰ ਸਿਵਲ ਹਸਪਤਾਲ ਵਿੱਚ ਲਿਜਾ ਕੇ ਉਸ ਦੇ ਟੈਸਟ ਕੀਤੇ ਜਾਣਗੇ।